17
ਅਹੀਥੋਫ਼ਲ ਦੀ ਸਲਾਹ
1 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਆਖਿਆ ਕਿ ਮੈਨੂੰ ਹੁਕਮ ਦਿਓ ਤਾਂ ਜੋ ਮੈਂ ਹੁਣ ਬਾਰਾਂ ਹਜ਼ਾਰ ਮਨੁੱਖ ਚੁਣ ਲਵਾਂ ਅਤੇ ਅੱਜ ਰਾਤ ਨੂੰ ਹੀ ਉੱਠ ਕੇ ਦਾਊਦ ਦਾ ਪਿੱਛਾ ਕਰਾਂਗਾ,
2 ਜਿਸ ਵੇਲੇ ਉਹ ਥੱਕਿਆ ਹੋਇਆ ਹੋਵੇ ਅਤੇ ਉਹ ਦੇ ਹੱਥ ਢਿੱਲੇ ਹੋਣ ਤਾਂ ਮੈਂ ਉਸ ਉੱਤੇ ਹਮਲਾ ਕਰਾਂਗਾ ਅਤੇ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਸਿਰਫ਼ ਰਾਜਾ ਨੂੰ ਹੀ ਮਾਰ ਲਵਾਂਗਾ।
3 ਸਾਰੇ ਲੋਕਾਂ ਨੂੰ ਮੈਂ ਤੁਹਾਡੇ ਵੱਲ ਮੋੜ ਲਿਆਵਾਂਗਾ ਕਿਉਂ ਜੋ ਉਹ ਮਨੁੱਖ ਜਿਸ ਨੂੰ ਤੁਸੀਂ ਲੱਭਦੇ ਹੋ ਅਤੇ ਇਨ੍ਹਾਂ ਸਾਰੇ ਲੋਕਾਂ ਦਾ ਮੁੜਨਾ ਇੱਕੋ ਜਿਹਾ ਹੀ ਹੈ ਅਤੇ ਸਾਰੇ ਲੋਕ ਸੁੱਖ-ਸਾਂਦ ਨਾਲ ਰਹਿਣਗੇ।
4 ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਬਜ਼ੁਰਗਾਂ ਨੂੰ ਚੰਗੀ ਲੱਗੀ।
ਹੂਸ਼ਈ ਦੀ ਸਲਾਹ
5 ਉਸ ਵੇਲੇ ਅਬਸ਼ਾਲੋਮ ਨੇ ਆਖਿਆ, ਹੂਸ਼ਈ ਅਰਕੀ ਨੂੰ ਵੀ ਸੱਦ ਲਓ ਤਾਂ ਜੋ ਅਸੀਂ ਉਹ ਦੇ ਮੂੰਹੋਂ ਵੀ ਕੁਝ ਸੁਣੀਏ।
6 ਜਦ ਹੂਸ਼ਈ ਅਬਸ਼ਾਲੋਮ ਦੇ ਸਾਹਮਣੇ ਆਇਆ ਤਾਂ ਅਬਸ਼ਾਲੋਮ ਨੇ ਉਹ ਨੂੰ ਆਖਿਆ ਕਿ ਅਹੀਥੋਫ਼ਲ ਇਹ ਸਲਾਹ ਦਿੰਦਾ ਹੈ, ਸੋ ਅਸੀਂ ਅਜਿਹਾ ਕਰੀਏ ਜਾਂ ਨਹੀਂ? ਤੂੰ ਕੀ ਆਖਦਾ ਹੈਂ?
7 ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਇਹ ਸਲਾਹ ਜੋ ਅਹੀਥੋਫ਼ਲ ਨੇ ਦਿੱਤੀ ਹੈ, ਇਸ ਵੇਲੇ ਚੰਗੀ ਨਹੀਂ ਹੈ।
8 ਫਿਰ ਹੂਸ਼ਈ ਨੇ ਇਹ ਵੀ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਹ ਦੇ ਮਨੁੱਖਾਂ ਨੂੰ ਜਾਣਦੇ ਹੋ ਕਿ ਉਹ ਕਿੰਨ੍ਹੇ ਵੱਡੇ ਸੂਰਮੇ ਹਨ ਅਤੇ ਇਸ ਵੇਲੇ ਉਹ ਆਪਣੇ ਜੀਆਂ ਵਿੱਚ ਉਸ ਰਿੱਛਣੀ ਵਾਂਗੂੰ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਖੋਹ ਲਏ ਗਏ ਹੋਣ। ਤੁਹਾਡਾ ਪਿਤਾ ਯੋਧਾ ਹੈ ਅਤੇ ਉਹ ਸਾਰੇ ਲੋਕਾਂ ਦੇ ਨਾਲ ਨਹੀਂ ਰਹੇਗਾ।
9 ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਜਾਂ ਕਿਸੇ ਹੋਰ ਸਥਾਨ ਥਾਂ ਵਿੱਚ ਲੁੱਕਿਆ ਹੋਵੇਗਾ ਅਤੇ ਜੇਕਰ ਪਹਿਲੇ ਹਮਲੇ ਵਿੱਚ ਹੀ ਇਨ੍ਹਾਂ ਲੋਕਾਂ ਵਿੱਚੋਂ ਕੁਝ ਮਾਰੇ ਜਾਣ ਤਾਂ ਸਾਰੇ ਸੁਣਨ ਵਾਲੇ ਇਹ ਆਖਣਗੇ ਕਿ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪਾਈ ਗਈ।
10 ਇਸ ਕਾਰਨ ਉਹ ਵੀ ਜੋ ਸੂਰਮਾ ਹੈ ਅਤੇ ਜਿਸ ਦਾ ਮਨ ਸ਼ੇਰ ਦੇ ਮਨ ਵਰਗਾ ਹੈ ਉਸਦਾ ਵੀ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਸੂਰਮਾ ਹੈ ਅਤੇ ਉਹ ਦੇ ਨਾਲ ਦੇ ਵੀ ਸਾਰੇ ਸੂਰਮੇ ਹਨ।
11 ਇਸ ਲਈ ਮੈਂ ਇਹ ਸਲਾਹ ਦਿੰਦਾ ਹਾਂ ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਕਰਨ ਲਈ ਜਾਓ।
12 ਉਸ ਵੇਲੇ ਉਹ ਜਿੱਥੇ ਕਿਤੇ ਵੀ ਹੋਵੇ, ਅਸੀਂ ਉਸ ਨੂੰ ਟੱਕਰਾਂਗੇ ਅਤੇ ਤ੍ਰੇਲ ਦੀ ਤਰ੍ਹਾਂ ਜੋ ਧਰਤੀ ਉੱਤੇ ਡਿੱਗਦੀ ਹੈ, ਉਸ ਦੇ ਉੱਤੇ ਜਾ ਪਵਾਂਗੇ। ਤਦ ਉਹ ਅਤੇ ਉਨ੍ਹਾਂ ਸਾਰੇ ਲੋਕਾਂ ਵਿੱਚੋਂ ਜੋ ਉਸ ਦੇ ਨਾਲ ਹਨ, ਇੱਕ ਵੀ ਜੀਉਂਦਾ ਨਾ ਰਹੇਗਾ।
13 ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਰੱਸੀਆਂ ਲੈ ਕੇ ਉਸ ਸ਼ਹਿਰ ਨੂੰ ਚੜ੍ਹ ਜਾਣਗੇ ਅਤੇ ਅਸੀਂ ਉਹ ਨੂੰ ਨਦੀ ਵਿੱਚ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੇ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।
14 ਤਦ ਅਬਸ਼ਾਲੋਮ ਅਤੇ ਸਾਰੇ ਇਸਰਾਏਲ ਦੇ ਮਨੁੱਖਾਂ ਨੇ ਆਖਿਆ, ਇਹ ਸਲਾਹ ਜੋ ਹੂਸ਼ਈ ਅਰਕੀ ਨੇ ਦਿੱਤੀ ਹੈ, ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ। ਕਿਉਂ ਜੋ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣਾ, ਪਹਿਲਾਂ ਹੀ ਠਾਣ ਲਿਆ ਸੀ ਤਾਂ ਜੋ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।
ਦਾਊਦ ਨੂੰ ਸੰਦੇਸ਼ ਅਤੇ ਉਸ ਦਾ ਬਚ ਨਿੱਕਲਣਾ
15 ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ, ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਸਲਾਹ ਦਿੱਤੀ ਹੈ,
16 ਇਸ ਲੈ ਹੁਣ ਛੇਤੀ ਹੀ ਕਿਸੇ ਨੂੰ ਭੇਜ ਕੇ ਦਾਊਦ ਨੂੰ ਆਖੋ ਕਿ ਅੱਜ ਦੀ ਰਾਤ ਉਜਾੜ ਦੇ ਪੱਤਣ ਕੋਲ ਨਾ ਰਹੋ ਪਰ ਛੇਤੀ ਨਾਲ ਪਾਰ ਲੰਘ ਜਾਓ, ਅਜਿਹਾ ਨਾ ਹੋਵੇ ਕਿ ਰਾਜਾ ਤੇ ਉਹ ਦੇ ਨਾਲ ਦੇ ਸਭ ਲੋਕ ਨਿਗਲੇ ਜਾਣ।
17 ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਰਹਿੰਦੇ ਸਨ ਤਾਂ ਜੋ ਉਨ੍ਹਾਂ ਦਾ ਆਉਣਾ-ਜਾਣਾ ਸ਼ਹਿਰ ਵਿੱਚ ਜਾਣਿਆ ਨਾ ਜਾਵੇ ਅਤੇ ਇੱਕ ਦਾਸੀ ਨੇ ਉਨ੍ਹਾਂ ਨੂੰ ਜਾ ਕੇ ਦੱਸਿਆ। ਤਦ ਉਹ ਗਏ ਅਤੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ।
18 ਫਿਰ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਕੇ ਦੱਸਿਆ, ਪਰ ਉਹ ਦੋਵੇਂ ਛੇਤੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਮਨੁੱਖ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਦੇ ਵਿੱਚ ਉਤਰ ਗਏ।
19 ਅਤੇ ਉਸ ਦੀ ਪਤਨੀ ਨੇ ਇੱਕ ਕੱਪੜਾ ਲੈ ਕੇ ਖੂਹ ਦੇ ਮੂੰਹ ਉੱਤੇ ਪਾ ਦਿੱਤਾ ਅਤੇ ਉਸ ਉੱਤੇ ਦਲੀ ਹੋਈ ਕਣਕ ਪਾ ਦਿੱਤੀ, ਇਸ ਲਈ ਇਹ ਗੱਲ ਪਰਗਟ ਨਾ ਹੋਈ।
20 ਜਦ ਅਬਸ਼ਾਲੋਮ ਦੇ ਸੇਵਕ ਉਸ ਘਰ ਵਿੱਚ ਉਸ ਇਸਤਰੀ ਕੋਲ ਆਏ ਅਤੇ ਪੁੱਛਿਆ ਕਿ ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ? ਤਦ ਉਸ ਇਸਤਰੀ ਨੇ ਉਨ੍ਹਾਂ ਨੂੰ ਆਖਿਆ, ਉਹ ਤਾਂ ਨਦੀਓਂ ਪਾਰ ਲੰਘ ਗਏ ਹੋਣਗੇ ਅਤੇ ਉਨ੍ਹਾਂ ਨੇ ਉਹਨਾਂ ਨੂੰ ਜਾ ਕੇ ਲੱਭਿਆ ਪਰ ਜਦ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਮੁੜ ਆਏ।
21 ਜਦ ਉਹ ਮੁੜ ਗਏ ਤਾਂ ਉਹ ਖੂਹ ਵਿੱਚੋਂ ਨਿੱਕਲ ਕੇ ਤੁਰ ਪਏ ਅਤੇ ਜਾ ਕੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੇ ਦਾਊਦ ਨੂੰ ਆਖਿਆ, ਉੱਠੋ ਛੇਤੀ ਪਾਰ ਲੰਘ ਜਾਓ, ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਖੇ ਇਸ ਤਰ੍ਹਾਂ ਸਲਾਹ ਦਿੱਤੀ ਹੈ।
22 ਤਦ ਦਾਊਦ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨ ਤੋਂ ਪਾਰ ਲੰਘ ਗਏ। ਸਵੇਰ ਹੁੰਦਿਆਂ ਤੱਕ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਸੀ, ਜੋ ਯਰਦਨ ਤੋਂ ਪਾਰ ਨਾ ਲੰਘਿਆ ਹੋਵੇ।
23 ਜਦ ਅਹੀਥੋਫ਼ਲ ਨੇ ਵੇਖਿਆ ਕਿ ਮੇਰੀ ਸਲਾਹ ਅਨੁਸਾਰ ਕੰਮ ਨਹੀਂ ਕੀਤਾ ਗਿਆ ਤਾਂ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਉਸ ਉੱਤੇ ਬੈਠ ਕੇ ਆਪਣੇ ਸ਼ਹਿਰ ਵਿੱਚ ਘਰ ਨੂੰ ਗਿਆ ਅਤੇ ਆਪਣੇ ਘਰਾਣੇ ਨੂੰ ਸੰਭਾਲ ਕੇ ਆਪਣੇ ਆਪ ਨੂੰ ਫਾਹੇ ਲਾ ਲਿਆ ਅਤੇ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦੱਬਿਆ ਗਿਆ।
24 ਦਾਊਦ ਮਹਨਇਮ ਵਿੱਚ ਆਇਆ ਅਤੇ ਅਬਸ਼ਾਲੋਮ ਯਰਦਨ ਤੋਂ ਪਾਰ ਲੰਘ ਗਿਆ ਅਤੇ ਇਸਰਾਏਲ ਦੇ ਸਾਰੇ ਲੋਕ ਉਹ ਦੇ ਨਾਲ ਸਨ।
25 ਅਬਸ਼ਾਲੋਮ ਨੇ ਯੋਆਬ ਦੇ ਸਥਾਨ ਤੇ ਅਮਾਸਾ ਨੂੰ ਸੈਨਾਪਤੀ ਬਣਾਇਆ। ਇਹ ਅਮਾਸਾ ਇੱਕ ਯਿਥਰਾ ਨਾਮ ਦੇ ਇਸਰਾਏਲੀ ਮਨੁੱਖ ਦਾ ਪੁੱਤਰ ਸੀ, ਉਸ ਨੇ ਨਾਹਾਸ਼ ਦੀ ਧੀ ਅਬੀਗੈਲ ਨਾਲ ਜੋ ਯੋਆਬ ਦੀ ਮਾਂ ਅਤੇ ਸਰੂਯਾਹ ਦੀ ਭੈਣ ਸੀ, ਸੰਗ ਕੀਤਾ ਸੀ।
26 ਇਸਰਾਏਲ ਅਤੇ ਅਬਸ਼ਾਲੋਮ ਨੇ ਗਿਲਆਦ ਦੇ ਦੇਸ਼ ਵਿੱਚ ਤੰਬੂ ਲਾਏ।
27 ਜਦ ਦਾਊਦ ਮਹਨਇਮ ਵਿੱਚ ਪਹੁੰਚਿਆ ਤਾਂ ਅਜਿਹਾ ਹੋਇਆ ਕਿ ਨਾਹਾਸ਼ ਦਾ ਪੁੱਤਰ ਸ਼ੋਬੀ ਅੰਮੋਨੀਆਂ ਦੇ ਰੱਬਾਹ ਤੋਂ ਅਤੇ ਅੰਮੀਏਲ ਦਾ ਪੁੱਤਰ ਮਾਕੀਰ ਲੋ-ਦੇਬਾਰ ਤੋਂ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ
28 ਮੰਜੇ, ਤਸਲੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨਿਆ ਹੋਇਆ ਅਨਾਜ, ਰਵਾਂਹ ਦੀਆਂ ਫਲੀਆਂ, ਮਸਰ, ਭੁੰਨੇ ਹੋਏ ਛੋਲੇ,
29 ਸ਼ਹਿਦ, ਮੱਖਣ, ਭੇਡਾਂ ਅਤੇ ਗੋਕਾ ਪਨੀਰ ਦਾਊਦ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲੈ ਆਏ, ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਲੋਕ ਉਜਾੜ ਵਿੱਚ ਭੁੱਖੇ, ਥੱਕੇ ਹੋਏ ਅਤੇ ਤਿਹਾਏ ਹੋਣਗੇ।