13
ਅਮਨੋਨ ਦਾ ਕੁਕਰਮ
1 ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਤਾਮਾਰ ਨਾਮ ਦੀ ਇੱਕ ਭੈਣ ਜੋ ਬਹੁਤ ਸੋਹਣੀ ਸੀ। ਦਾਊਦ ਦਾ ਪੁੱਤਰ ਅਮਨੋਨ ਉਸ ਨਾਲ ਪ੍ਰੇਮ ਕਰਨ ਲੱਗਾ।
2 ਅਮਨੋਨ ਅਜਿਹਾ ਬੇਚੈਨ ਹੋਇਆ ਜੋ ਆਪਣੀ ਭੈਣ ਤਾਮਾਰ ਦੇ ਕਾਰਨ ਬਿਮਾਰ ਹੋ ਗਿਆ ਕਿਉਂ ਜੋ ਉਹ ਕੁਆਰੀ ਸੀ ਇਸ ਲਈ ਅਮਨੋਨ ਉਹ ਦੇ ਨਾਲ ਕੁਝ ਕਰਨਾ ਔਖਾ ਜਾਣ ਪਿਆ।
3 ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ ਅਤੇ ਇਹ ਯੋਨਾਦਾਬ ਬਹੁਤ ਚਲਾਕ ਮਨੁੱਖ ਸੀ।
4 ਸੋ ਉਸ ਨੇ ਉਹ ਨੂੰ ਆਖਿਆ, ਤੂੰ ਰਾਜਾ ਦਾ ਪੁੱਤਰ ਹੋ ਕੇ ਦਿਨੋਂ-ਦਿਨ ਕਮਜ਼ੋਰ ਕਿਉਂ ਹੁੰਦਾ ਜਾਂਦਾ ਹੈ? ਭਲਾ, ਤੂੰ ਮੈਨੂੰ ਨਾ ਦੱਸੇਗਾ? ਤਦ ਅਮਨੋਨ ਨੇ ਉਸ ਨੂੰ ਆਖਿਆ ਕਿ ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।
5 ਇਸ ਲਈ ਯੋਨਾਦਾਬ ਨੇ ਉਹ ਨੂੰ ਆਖਿਆ, ਤੂੰ ਮੰਜੇ ਉੱਤੇ ਪਿਆ ਰਹਿ ਅਤੇ ਆਪਣੇ ਆਪ ਨੂੰ ਰੋਗੀ ਬਣਾ ਅਤੇ ਜਦ ਤੇਰਾ ਪਿਤਾ ਤੈਨੂੰ ਵੇਖਣ ਆਵੇ ਤਾਂ ਤੂੰ ਉਹ ਨੂੰ ਆਖੀਂ ਕਿ ਮੇਰੀ ਭੈਣ ਤਾਮਾਰ ਨੂੰ ਆਖੋ ਜੋ ਉਹ ਆਵੇ ਅਤੇ ਮੈਨੂੰ ਰੋਟੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਹ ਦੇ ਹੱਥੋਂ ਖਾਵਾਂ।
6 ਤਦ ਅਮਨੋਨ ਲੰਮਾ ਪਿਆ ਰਿਹਾ ਅਤੇ ਆਪਣੇ ਆਪ ਨੂੰ ਬਿਮਾਰ ਬਣਾਇਆ ਅਤੇ ਜਦ ਰਾਜਾ ਉਸ ਨੂੰ ਵੇਖਣ ਲਈ ਆਇਆ ਤਾਂ ਅਮਨੋਨ ਨੇ ਰਾਜਾ ਨੂੰ ਆਖਿਆ, ਮੇਰੀ ਭੈਣ ਤਾਮਾਰ ਨੂੰ ਆਉਣ ਦਿਓ ਜੋ ਉਹ ਮੇਰੇ ਸਾਹਮਣੇ ਇੱਕ ਦੋ ਪੂਰੀਆਂ ਤਲੇ ਜੋ ਮੈਂ ਉਸ ਦੇ ਹੱਥੋਂ ਭੋਜਨ ਕਰਾਂ।
7 ਤਦ ਦਾਊਦ ਨੇ ਤਾਮਾਰ ਦੇ ਘਰ ਸੁਨੇਹਾ ਭੇਜਿਆ, ਤੂੰ ਹੁਣ ਆਪਣੇ ਭਰਾ ਅਮਨੋਨ ਦੇ ਘਰ ਜਾ ਅਤੇ ਉਹ ਦੇ ਲਈ ਭੋਜਨ ਤਿਆਰ ਕਰ।
8 ਸੋ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਆਈ ਅਤੇ ਉਹ ਮੰਜੇ ਉੱਤੇ ਪਿਆ ਹੋਇਆ ਸੀ। ਉਸ ਨੇ ਆਟਾ ਗੁੰਨ੍ਹਿਆ ਅਤੇ ਉਹ ਦੇ ਸਾਹਮਣੇ ਪੂਰੀਆਂ ਤਲੀਆਂ,
9 ਉਸ ਨੇ ਥਾਲੀ ਲੈ ਕੇ ਉਨ੍ਹਾਂ ਨੂੰ ਉਹ ਦੇ ਸਾਹਮਣੇ ਰੱਖ ਦਿੱਤਾ ਪਰ ਉਹ ਨੇ ਖਾਣ ਤੋਂ ਮਨ੍ਹਾ ਕੀਤਾ। ਤਦ ਅਮਨੋਨ ਨੇ ਆਪਣੇ ਸੇਵਕਾਂ ਨੂੰ ਆਖਿਆ, ਸਾਰੇ ਲੋਕ ਮੇਰੇ ਕੋਲੋਂ ਬਾਹਰ ਚਲੇ ਜਾਣ ਸੋ ਸਭ ਉਹ ਦੇ ਕੋਲੋਂ ਬਾਹਰ ਚਲੇ ਗਏ।
10 ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, ਕੋਠੜੀ ਦੇ ਅੰਦਰ ਭੋਜਨ ਲੈ ਆ ਜੋ ਮੈਂ ਤੇਰੇ ਹੱਥੋਂ ਖਾਵਾਂ। ਸੋ ਤਾਮਾਰ ਨੇ ਉਹ ਪੂਰੀਆਂ ਜੋ ਉਸ ਨੇ ਤਲੀਆਂ ਸਨ ਲਈਆਂ ਅਤੇ ਕੋਠੜੀ ਦੇ ਵਿੱਚ ਆਪਣੇ ਭਰਾ ਅਮਨੋਨ ਦੇ ਕੋਲ ਲੈ ਆਈ।
11 ਜਦ ਉਹ ਭੋਜਨ ਖਵਾਉਣ ਲਈ ਉਹ ਦੇ ਸਾਹਮਣੇ ਲੈ ਆਈ ਤਾਂ ਉਹ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਆਖਿਆ, ਕੁੜੀਏ, ਮੇਰੇ ਨਾਲ ਸੰਗ ਕਰ!
12 ਉਹ ਬੋਲੀ, ਨਹੀਂ ਮੇਰੇ ਭਰਾ, ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਸਰਾਏਲ ਵਿੱਚ ਅਜਿਹਾ ਕੰਮ ਕਰਨਾ ਯੋਗ ਨਹੀਂ! ਤੂੰ ਅਜਿਹੀ ਮੂਰਖਤਾ ਨਾ ਕਰ।
13 ਮੈਂ ਆਪਣਾ ਕਲੰਕ ਕਿੱਥੇ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਵਿੱਚ ਮੂਰਖ ਹੋਵੇਂਗਾ! ਤੂੰ ਹੁਣ ਰਾਜਾ ਨੂੰ ਆਖ। ਉਹ ਮੈਨੂੰ ਤੇਰੇ ਨਾਲ ਵਿਆਹ ਤੋਂ ਨਾਂਹ ਨਾ ਕਰੇਗਾ।
14 ਪਰ ਉਹ ਨੇ ਉਸ ਦੀ ਗੱਲ ਨਾ ਮੰਨੀ ਅਤੇ ਉਸ ਤੋਂ ਤਕੜਾ ਹੋਣ ਦੇ ਕਾਰਨ ਉਸ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ।
15 ਫਿਰ ਅਮਨੋਨ ਨੇ ਉਸ ਦੇ ਨਾਲ ਡਾਢਾ ਵੈਰ ਕੀਤਾ ਅਜਿਹਾ ਵੈਰ ਜੋ ਉਸ ਦੀ ਪ੍ਰੀਤ ਨਾਲੋਂ ਵੀ ਵੱਧ ਸੀ ਅਤੇ ਅਮਨੋਨ ਨੇ ਉਸ ਨੂੰ ਆਖਿਆ, ਉੱਠ, ਚੱਲੀ ਜਾ!
16 ਤਦ ਉਸ ਨੇ ਉਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਕਿਉਂ ਜੋ ਮੈਨੂੰ ਕੱਢ ਦੇਣ ਬੁਰਿਆਈ ਉਸ ਨਾਲੋਂ ਵੀ ਵੱਧ ਹੈ ਜਿਹੜੀ ਤੂੰ ਮੇਰੇ ਨਾਲ ਸੰਗ ਕਰ ਕੇ ਕੀਤੀ ਹੈ! ਪਰ ਉਹ ਨੇ ਉਸ ਦੀ ਗੱਲ ਨਾ ਸੁਣੀ।
17 ਤਦ ਅਮਨੋਨ ਨੇ ਆਪਣੇ ਜੁਆਨ ਸੇਵਕ ਨੂੰ ਜੋ ਉਹ ਦੀ ਸੇਵਾ ਕਰਦਾ ਸੀ ਸੱਦ ਕੇ ਆਖਿਆ, ਇਹ ਨੂੰ ਮੇਰੇ ਘਰੋਂ ਹੁਣੇ ਬਾਹਰ ਕੱਢ ਕੇ ਉਸ ਦੇ ਪਿੱਛੋਂ ਦਰਵਾਜ਼ਾ ਬੰਦ ਕਰ ਦੇ!
18 ਉਸ ਨੇ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ ਕਿਉਂ ਜੋ ਰਾਜਾ ਦੀਆਂ ਕੁਆਰੀਆਂ ਧੀਆਂ ਇਹੋ ਜਿਹੇ ਬਸਤਰ ਪਹਿਨਦੀਆਂ ਸਨ। ਸੋ, ਉਹ ਦੇ ਸੇਵਕ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਦਰਵਾਜ਼ਾ ਬੰਦ ਕਰ ਲਿਆ।
19 ਤਾਮਾਰ ਨੇ ਸਿਰ ਉੱਤੇ ਸੁਆਹ ਪਾਈ ਅਤੇ ਉਹ ਰੰਗ-ਬਿਰੰਗੀ ਕੁੜਤੀ ਜੋ ਪਹਿਨੀ ਹੋਈ ਸੀ ਪਾੜ ਸੁੱਟੀ ਅਤੇ ਸਿਰ ਉੱਤੇ ਹੱਥ ਧਰ ਕੇ ਚੀਕਾਂ ਮਾਰਦੀ ਹੋਈ ਤੁਰੀ ਜਾਂਦੀ ਸੀ।
20 ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ ਕੀ ਤੇਰੇ ਭਰਾ ਅਮਨੋਨ ਨੇ ਤੇਰੇ ਨਾਲ ਕੁਝ ਕੀਤਾ? ਪਰ ਹੇ ਮੇਰੀ ਭੈਣ, ਹੁਣ ਚੁੱਪ ਰਹਿ ਕਿਉਂ ਜੋ ਉਹ ਤੇਰਾ ਭਰਾ ਹੈ ਅਤੇ ਇਸ ਗੱਲ ਲਈ ਮਨ ਵਿੱਚ ਫ਼ਿਕਰ ਨਾ ਕਰ। ਤਦ ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਉਦਾਸ ਹੋ ਕੇ ਬੈਠੀ ਰਹੀ।
21 ਜਦ ਦਾਊਦ ਰਾਜਾ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਦਾ ਕ੍ਰੋਧ ਭੜਕ ਪਿਆ।
22 ਅਬਸ਼ਾਲੋਮ ਨੇ ਆਪਣੇ ਭਰਾ ਅਮਨੋਨ ਨੂੰ ਕੁਝ ਚੰਗਾ-ਮੰਦਾ ਨਾ ਆਖਿਆ, ਕਿਉਂ ਜੋ ਅਬਸ਼ਾਲੋਮ ਅਮਨੋਨ ਨਾਲ ਵੈਰ ਰੱਖਦਾ ਸੀ ਕਿਉਂਕਿ ਜੋ ਉਸ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ
ਅਬਸ਼ਾਲੋਮ ਦਾ ਬਦਲਾ
23 ਅਜਿਹਾ ਹੋਇਆ ਜੋ ਪੂਰੇ ਦੋ ਸਾਲ ਪਿੱਛੋਂ ਅਬਸ਼ਾਲੋਮ ਨੇ ਇਫ਼ਰਾਈਮ ਦੇ ਕੋਲ ਬਆਲ-ਹਸੋਰ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰਵਾਈ ਅਤੇ ਅਬਸ਼ਾਲੋਮ ਨੇ ਰਾਜੇ ਦੇ ਸਾਰੇ ਪੁੱਤਰਾਂ ਨੂੰ ਉੱਥੇ ਬੁਲਾਇਆ।
24 ਅਬਸ਼ਾਲੋਮ ਰਾਜੇ ਕੋਲ ਆਇਆ ਅਤੇ ਆਖਿਆ, ਵੇਖੋ, ਤੇਰੇ ਸੇਵਕ ਦੇ ਉੱਨ ਕਤਰਨ ਵਾਲੇ ਉੱਥੇ ਹਨ ਸੋ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਰਾਜਾ ਅਤੇ ਉਹ ਦੇ ਦਾਸ ਤੇਰੇ ਸੇਵਕ ਨਾਲ ਚੱਲਣ।
25 ਤਦ ਰਾਜੇ ਨੇ ਅਬਸ਼ਾਲੋਮ ਨੂੰ ਆਖਿਆ, ਨਾ ਪੁੱਤਰ ਅਸੀਂ ਸਾਰੇ ਨਹੀਂ ਜਾਂਵਾਂਗੇ ਅਜਿਹਾ ਨਾ ਹੋਵੇ ਜੋ ਤੇਰੇ ਤੇ ਭਾਰੀ ਹੋ ਜਾਈਏ ਅਤੇ ਉਸ ਨੇ ਬੇਨਤੀ ਕੀਤੀ ਪਰ ਉਹ ਨੇ ਜਾਣ ਤੋਂ ਨਾਂਹ ਕੀਤੀ ਪਰ ਉਹ ਨੂੰ ਅਸੀਸ ਦਿੱਤੀ।
26 ਤਦ ਅਬਸ਼ਾਲੋਮ ਨੇ ਆਖਿਆ, ਜੇਕਰ ਤੂੰ ਨਹੀਂ ਜਾਂਦਾ ਤਾਂ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਭੇਜ ਦਿਓ। ਤਾਂ ਰਾਜਾ ਨੇ ਉਹ ਨੂੰ ਆਖਿਆ, ਉਹ ਕਿਉਂ ਤੇਰੇ ਨਾਲ ਜਾਵੇ?
27 ਤਦ ਅਬਸ਼ਾਲੋਮ ਨੇ ਉਹ ਨੂੰ ਜ਼ੋਰ ਪਾਇਆ, ਤਾਂ ਉਸ ਨੇ ਅਮਨੋਨ ਨੂੰ ਅਤੇ ਸਾਰੇ ਰਾਜ ਪੁੱਤਰਾਂ ਨੂੰ ਉਹ ਦੇ ਨਾਲ ਜਾਣ ਦਿੱਤਾ।
28 ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਸੁਚੇਤ ਰਹੋ। ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਤਵਾਲਾ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਕਿ ਅਮਨੋਨ ਨੂੰ ਮਾਰ ਦਿਓ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਭਲਾ, ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ? ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ!
29 ਇਸ ਲਈ ਅਬਸ਼ਾਲੋਮ ਦੇ ਜੁਆਨਾਂ ਨੇ ਜਿਵੇਂ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਅਮਨੋਨ ਨਾਲ ਕੀਤਾ। ਤਦ ਸਾਰੇ ਰਾਜ ਪੁੱਤਰ ਉੱਠੇ ਅਤੇ ਸਾਰੇ ਮਨੁੱਖ ਆਪੋ ਆਪਣੇ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
30 ਤਦ ਅਜਿਹਾ ਹੋਇਆ ਜੋ ਉਹ ਅਜੇ ਰਾਹ ਵਿੱਚ ਹੀ ਸਨ ਜੋ ਦਾਊਦ ਨੂੰ ਖ਼ਬਰ ਹੋਈ ਕਿ ਅਬਸ਼ਾਲੋਮ ਨੇ ਸਾਰੇ ਰਾਜਕੁਮਾਰਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ!
31 ਤਦ ਰਾਜਾ ਉੱਠਿਆ, ਆਪਣੇ ਕੱਪੜੇ ਪਾੜ ਸੁੱਟੇ ਅਤੇ ਜ਼ਮੀਨ ਉੱਤੇ ਲੰਮਾ ਪੈ ਗਿਆ ਤਾਂ ਉਹ ਦੇ ਸਾਰੇ ਸੇਵਕ ਵੀ ਕੱਪੜੇ ਪਾੜ ਕੇ ਉਹ ਦੇ ਅੱਗੇ ਖੜ੍ਹੇ ਹੋ ਗਏ।
32 ਤਦ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਸ ਤਰ੍ਹਾਂ ਬੋਲਿਆ, ਮੇਰਾ ਮਹਾਰਾਜ ਇਹ ਧਿਆਨ ਨਾ ਕਰੋ ਜੋ ਉਨ੍ਹਾਂ ਨੇ ਸਾਰੇ ਜੁਆਨਾਂ ਨੂੰ ਅਰਥਾਤ ਰਾਜੇ ਦੇ ਪੁੱਤਰ ਸਨ ਮਾਰ ਸੁੱਟਿਆ ਸਗੋਂ ਅਮਨੋਨ ਹੀ ਇਕੱਲਾ ਮਾਰਿਆ ਗਿਆ ਕਿਉਂ ਜੋ ਅਬਸ਼ਾਲੋਮ ਨੇ ਜਿਸ ਦਿਨ ਤੋਂ ਅਮਨੋਨ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ ਇਹ ਗੱਲ ਮਿੱਥ ਲਈ ਸੀ।
33 ਸੋ ਮੇਰਾ ਮਹਾਰਾਜ ਰਾਜਾ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜਕੁਮਾਰ ਮਾਰੇ ਗਏ ਕਿਉਂ ਜੋ ਅਮਨੋਨ ਹੀ ਇਕੱਲਾ ਮਾਰਿਆ ਗਿਆ ਹੈ।
34 ਅਬਸ਼ਾਲੋਮ ਨੱਠ ਗਿਆ ਅਤੇ ਉਸ ਜੁਆਨ ਰਾਖੇ ਨੇ ਜਦ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ਤਾਂ ਕੀ ਵੇਖੇ ਜੋ ਵੱਡੀ ਭੀੜ ਪਰਬਤ ਦੇ ਰਾਹ ਵੱਲੋਂ ਉਹ ਦੇ ਪਿੱਛੇ ਆਉਂਦੀ ਸੀ।
35 ਤਦ ਯੋਨਾਦਾਬ ਨੇ ਰਾਜਾ ਨੂੰ ਆਖਿਆ, ਵੇਖੋ ਰਾਜਕੁਮਾਰ ਆ ਗਏ ਅਤੇ ਜਿਵੇਂ ਤੁਹਾਡੇ ਸੇਵਕ ਨੇ ਆਖਿਆ ਸੀ ਉਸੇ ਤਰ੍ਹਾਂ ਹੀ ਹੋਇਆ।
36 ਜਦ ਉਹ ਗੱਲ ਆਖ ਚੁੱਕਾ ਤਾਂ ਰਾਜਕੁਮਾਰ ਆ ਪਹੁੰਚੇ ਅਤੇ ਚੀਕਾਂ ਮਾਰ-ਮਾਰ ਕੇ ਰੋਏ ਅਤੇ ਰਾਜਾ ਵੀ ਆਪਣੇ ਸਾਰਿਆਂ ਸੇਵਕਾਂ ਨਾਲ ਬਹੁਤ ਭੁੱਬਾਂ ਮਾਰ-ਮਾਰ ਰੋਇਆ।
37 ਪਰ ਅਬਸ਼ਾਲੋਮ ਨੱਠ ਕੇ ਗਸ਼ੂਰ ਦੇ ਰਾਜਾ ਅਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ ਅਤੇ ਦਾਊਦ ਹਰ ਰੋਜ਼ ਆਪਣੇ ਪੁੱਤਰ ਲਈ ਸੋਗ ਕਰਦਾ ਸੀ।
38 ਅਬਸ਼ਾਲੋਮ ਨੱਠ ਕੇ ਗਸ਼ੂਰ ਵਿੱਚ ਆਇਆ ਅਤੇ ਤਿੰਨ ਸਾਲ ਉੱਥੇ ਰਿਹਾ।
39 ਅਤੇ ਦਾਊਦ ਰਾਜਾ ਦਾ ਮਨ ਅਬਸ਼ਾਲੋਮ ਕੋਲ ਜਾਣ ਲਈ ਬਹੁਤ ਤਰਸਦਾ ਸੀ ਕਿਉਂ ਜੋ ਅਮਨੋਨ ਦੀ ਵੱਲੋਂ ਉਹ ਨੂੰ ਸ਼ਾਂਤੀ ਆ ਗਈ ਸੀ, ਕਿਉਂ ਜੋ ਉਹ ਮਰ ਚੁੱਕਾ ਸੀ।