ਮੱਤੀ ਦੀ ਇੰਜੀਲ
ਲੇਖਕ
ਇਸ ਇੰਜੀਲ ਦਾ ਲੇਖਕ ਮੱਤੀ ਹੈ, ਜੋ ਕਿ ਇੱਕ ਚੂੰਗੀ ਵਸੂਲਣ ਵਾਲਾ ਸੀ, ਉਸ ਨੇ ਯਿਸੂ ਦੇ ਪਿੱਛੇ ਚੱਲਣ ਲਈ ਆਪਣਾ ਕੰਮ ਛੱਡ ਦਿੱਤਾ (9:9; 13)। ਮਰਕੁਸ ਅਤੇ ਲੂਕਾ ਉਸ ਨੂੰ ਆਪਣੀਆਂ ਇੰਜੀਲਾਂ ਵਿੱਚ ਲੇਵੀ ਦੇ ਨਾਮ ਨਾਲ ਸੱਦਦੇ ਹਨ। ਉਸਦੇ ਨਾਮ ਦਾ ਅਰਥ ਪਰਮੇਸ਼ੁਰ ਦੀ ਦਾਤ ਹੈ। ਪ੍ਰਾਚੀਨ ਕਲੀਸਿਯਾ ਦੇ ਪਾਦਰੀ ਸਰਬਸੰਮਤੀ ਨਾਲ ਇਸ ਗੱਲ ਉੱਤੇ ਸਹਿਮਤ ਹਨ ਕਿ ਇਸ ਇੰਜੀਲ ਦਾ ਲੇਖਕ ਮੱਤੀ ਹੈ, ਜੋ ਕਿ 12 ਰਸੂਲਾਂ ਵਿੱਚੋਂ ਇੱਕ ਸੀ। ਮੱਤੀ ਪ੍ਰਭੂ ਯਿਸੂ ਦੀ ਸੇਵਕਾਈ ਦਾ ਇੱਕ ਚਸ਼ਮਦੀਦ ਗਵਾਹ ਸੀ। ਮੱਤੀ ਅਤੇ ਬਾਕੀ ਇੰਜੀਲਾਂ ਦੇ ਤੁਲਨਾਤਮਕ ਅਧਿਐਨ ਤੋਂ ਇਹ ਸਿੱਧ ਹੁੰਦਾ ਹੈ ਕਿ ਮਸੀਹ ਦੇ ਵਿਖੇ ਰਸੂਲਾਂ ਦੁਆਰਾ ਦਿੱਤੀ ਗਈ ਗਵਾਹੀ ਵਿੱਚ ਕੋਈ ਮਤਭੇਦ ਨਹੀਂ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਇੰਜੀਲ ਲਗਭਗ 50-70 ਈ. ਦੇ ਵਿਚਕਾਰ ਲਿਖੀ ਗਈ।
ਮੱਤੀ ਦੀ ਇੰਜੀਲ ਦੇ ਯਹੂਦੀ ਸੁਭਾਅ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਾਇਦ ਫ਼ਿਲਸਤੀਨ ਜਾਂ ਸੀਰੀਆ ਵਿੱਚ ਲਿਖੀ ਗਈ, ਹਾਲਾਂਕਿ ਕਈ ਲੋਕ ਸੋਚਦੇ ਹਨ ਕਿ ਇਸ ਦਾ ਆਰੰਭ ਅੰਤਾਕਿਯਾ ਵਿੱਚ ਹੋਇਆ।
ਪ੍ਰਾਪਤ ਕਰਤਾ
ਇਹ ਇੰਜੀਲ ਯੂਨਾਨੀ ਭਾਸ਼ਾ ਵਿੱਚ ਲਿਖੀ ਗਈ ਸੀ, ਇਸ ਲਈ ਹੋ ਸਕਦਾ ਹੈ ਕਿ ਮੱਤੀ ਦਾ ਰੁਝਾਨ ਅਜਿਹੇ ਪਾਠਕਾਂ ਵੱਲ ਸੀ ਜੋ ਯੂਨਾਨੀ-ਬੋਲਣ ਵਾਲੇ ਯਹੂਦੀ ਸਮਾਜ ਦੇ ਹਨ। ਕਈ ਤੱਤ ਯਹੂਦੀ ਪਾਠਕਾਂ ਵੱਲ ਇਸ਼ਾਰਾ ਕਰਦੇ ਹਨ: ਪੁਰਾਣੇ ਨੇਮ ਦੀ ਪੂਰਤੀ ਵੱਲ ਮੱਤੀ ਦੀ ਚਿੰਤਾ; ਅਬਰਾਹਾਮ ਤੋਂ ਯਿਸੂ ਦੀ ਵੰਸ਼ਾਵਲੀ ਦਾ ਵਰਣਨ ਕਰਨਾ (1:1, 17); ਯਹੂਦੀ ਸ਼ਬਦਾਵਲੀ ਦੀ ਵਰਤੋਂ (ਜਿਵੇਂ ਕਿ ਸਵਰਗ ਦਾ ਰਾਜ, ਜਿੱਥੇ ਸਵਰਗ ਸ਼ਬਦ ਯਹੂਦੀ ਲੋਕਾਂ ਵੱਲੋਂ ਪਰਮੇਸ਼ੁਰ ਦਾ ਨਾਮ ਨਾ ਵਰਤਣ ਦਾ ਵਿਚਾਰ ਪ੍ਰਗਟ ਕਰਦਾ ਹੈ); ਅਤੇ ਇਸ ਗੱਲ ਉੱਤੇ ਜ਼ੋਰ ਦੇਣਾ ਕਿ ਯਿਸੂ ਦਾਊਦ ਦਾ ਪੁੱਤਰ ਹੈ, (1:1; 9:27; 12:23; 15:22; 20:30; 31; 21:9, 15; 22:41, 45)। ਇਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਮੱਤੀ ਯਹੂਦੀ ਸਮਾਜ ਵੱਲ ਜ਼ਿਆਦਾ ਕੇਂਦਰਿਤ ਸੀ।
ਉਦੇਸ਼
ਇਸ ਇੰਜੀਲ ਨੂੰ ਲਿਖਣ ਦੇ ਵੇਲੇ, ਮੱਤੀ ਦਾ ਇਰਾਦਾ ਇਹ ਸੀ ਕਿ ਉਹ ਯਹੂਦੀ ਪਾਠਕਾਂ ਨੂੰ ਇਸ ਗੱਲ ਦੀ ਪੁਸ਼ਟੀ ਕਰੇ ਕਿ ਯਿਸੂ ਹੀ ਮਸੀਹਾ ਹੈ। ਇੱਥੇ ਧਿਆਨ ਕੇਂਦਰਤ ਕਰਨ ਦਾ ਵਿਸ਼ਾ ਪਰਮੇਸ਼ੁਰ ਦੇ ਰਾਜ ਨੂੰ ਮਨੁੱਖਜਾਤੀ ਦੇ ਵਿਚਕਾਰ ਸਥਾਪਿਤ ਕਰਨਾ ਹੈ। ਮੱਤੀ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਯਿਸੂ ਰਾਜਾ ਹੈ, ਜੋ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਅਤੇ ਉਮੀਦਾਂ ਨੂੰ ਪੂਰਾ ਕਰਦਾ ਹੈ (ਮੱਤੀ 1:1; 16:16; 20:28)।
ਵਿਸ਼ਾ-ਵਸਤੂ
ਯਿਸੂ - ਯਹੂਦੀਆਂ ਦਾ ਰਾਜਾ
ਰੂਪ-ਰੇਖਾ
1. ਯਿਸੂ ਦਾ ਜਨਮ — 1:1-2:23
2. ਗਲੀਲ ਵਿੱਚ ਯਿਸੂ ਦੀ ਸੇਵਕਾਈ — 3:1-18:35
3. ਯਹੂਦੀਆ ਵਿੱਚ ਯਿਸੂ ਦੀ ਸੇਵਕਾਈ — 19:1-20:34
4. ਯਹੂਦੀਆ ਵਿੱਚ ਆਖਰੀ ਦਿਨ — 21:1-27:66
5. ਸਮਾਪਤੀ ਦੀਆਂ ਘਟਨਾਵਾਂ — 28:1-20
1
ਯਿਸੂ ਦੀ ਵੰਸ਼ਾਵਲੀ
ਲੂਕਾ 2:23-38
1 ਯਿਸੂ ਮਸੀਹ ਦੀ ਵੰਸ਼ਾਵਲੀ, ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ।
2 ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ।
3 ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ।
4 ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ।
5 ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ।
6 ਯੱਸੀ ਤੋਂ ਦਾਊਦ ਰਾਜਾ ਜੰਮਿਆ ਅਤੇ ਦਾਊਦ ਰਾਜਾ ਤੋਂ ਸੁਲੇਮਾਨ ਊਰੀਯਾਹ ਦੀ ਔਰਤ ਦੀ ਕੁੱਖੋਂ ਜੰਮਿਆ।
7 ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ।
8 ਆਸਾ ਤੋਂ ਯਹੋਸ਼ਾਫ਼ਾਤ ਜੰਮਿਆ ਅਤੇ ਯਹੋਸ਼ਾਫ਼ਾਤ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ।
9 ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ।
10 ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ।
11 ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਹ ਦੇ ਭਰਾ ਬਾਬੁਲ ਵੱਲ ਜਾਣ ਦੇ ਸਮੇਂ ਜੰਮੇ।
12 ਬਾਬੁਲ ਵੱਲ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ।
13 ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ।
14 ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ।
15 ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ।
16 ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ। ਉਹ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ, ਜਿਹੜਾ ਮਸੀਹ ਅਖਵਾਉਂਦਾ ਹੈ।
17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ।
ਯਿਸੂ ਦਾ ਜਨਮ
ਲੂਕਾ 1:26-38; 2:1-7
18 ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ।
19 ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ।
20 ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ।
21 ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ।
22 ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ,
23 ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ”।
24 ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ।
25 ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਸ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ।