6
ਹੈਕਲ ਦਾ ਨਿਰਮਾਣ
1 ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਰ ਸੌ ਅੱਸੀ ਸਾਲ ਦੇ ਬਾਅਦ, ਇਸਰਾਏਲ ਉੱਤੇ ਸੁਲੇਮਾਨ ਦੇ ਰਾਜ ਦੇ ਚੌਥੇ ਸਾਲ ਜ਼ਿਵ ਦੇ ਮਹੀਨੇ ਜੋ ਦੂਜਾ ਮਹੀਨਾ ਹੈ, ਉਹ ਯਹੋਵਾਹ ਲਈ ਭਵਨ ਬਣਾਉਣ ਲੱਗਾ।
2 ਉਹ ਭਵਨ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਲਈ ਬਣਾਇਆ ਉਸ ਦੀ ਲੰਬਾਈ ਸੱਠ ਹੱਥ, ਚੁੜਾਈ ਵੀਹ ਹੱਥ ਅਤੇ ਉਚਾਈ ਤੀਹ ਹੱਥ ਸੀ।
3 ਉਸ ਭਵਨ ਦੀ ਹੈਕਲ ਦੇ ਅੱਗੇ ਇੱਕ ਦਲਾਨ ਵੀਹ ਹੱਥ ਲੰਮਾ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਉਸ ਦੀ ਚੁੜਾਈ ਭਵਨ ਦੇ ਅੱਗੇ ਦਸ ਹੱਥ ਸੀ।
4 ਭਵਨ ਲਈ ਉਸ ਨੇ ਜਾਲੀਦਾਰ ਜੜਵੀਆਂ ਖਿੜਕੀਆਂ ਬਣਾਈਆਂ।
5 ਉਸ ਨੇ ਭਵਨ ਦੀ ਕੰਧ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ, ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫ਼ੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ। ਇਸ ਲਈ ਉਸ ਨੇ ਕੋਠੜੀਆਂ ਚੁਫ਼ੇਰੇ ਬਣਾਈਆਂ।
6 ਹੇਠਲੀ ਕੋਠੜੀ ਪੰਜ ਹੱਥ ਚੌੜੀ ਸੀ, ਵਿੱਚਕਾਰਲੀ ਛੇ ਹੱਥ ਚੌੜੀ ਅਤੇ ਤੀਜੀ ਸੱਤ ਹੱਥ ਚੌੜੀ ਸੀ। ਇਸ ਕਾਰਨ ਭਵਨ ਦੀ ਕੰਧ ਦੇ ਬਾਹਰ ਉਸ ਨੇ ਚੁਫ਼ੇਰੇ ਬਾਲੇ ਰੱਖਣ ਦੇ ਲਈ ਵਾਧਾ ਬਣਾਇਆ ਕਿ ਬਾਲੇ ਭਵਨ ਦੀਆਂ ਕੰਧਾਂ ਵਿੱਚ ਨਾ ਰੱਖੇ ਜਾਣ।
7 ਜਦ ਇਹ ਭਵਨ ਬਣਾਉਂਦੇ ਸਨ, ਤਾਂ ਉਸ ਵਿੱਚ ਪੂਰੇ-ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਹੋਏ ਸਨ, ਇਸ ਲਈ ਭਵਨ ਦੇ ਬਣਾਉਣ ਵਿੱਚ ਨਾ ਉੱਥੇ ਤੇਸੀ, ਨਾ ਬਸੂਲੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਅਵਾਜ਼ ਸੁਣਾਈ ਦਿੰਦੀ ਸੀ।
8 ਵਿੱਚਲੀ ਕੋਠੜੀ ਦਾ ਬੂਹਾ ਨਾਲ ਲੱਗਦਾ ਭਵਨ ਦੇ ਸੱਜੇ ਪਾਸੇ ਵਿੱਚ ਸੀ ਅਤੇ ਚੱਕਰ ਵਾਲੀਆਂ ਪੌੜੀਆਂ ਨਾਲ ਵਿੱਚਲੀ ਕੋਠੜੀ ਵਿੱਚ ਅਤੇ ਵਿਚਲੀ ਕੋਠੜੀ ਦੇ ਵਿੱਚੋਂ ਦੀ ਤੀਜੀ ਕੋਠੜੀ ਵਿੱਚ ਚੜ੍ਹਦੇ ਸਨ।
9 ਉਸ ਨੇ ਭਵਨ ਨੂੰ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ ਅਤੇ ਉਸ ਨੇ ਭਵਨ ਨੂੰ ਦਿਆਰ ਦੇ ਫੱਟਾਂ ਅਤੇ ਸ਼ਤੀਰਾਂ ਨਾਲ ਢੱਕਿਆ।
10 ਉਸ ਨੇ ਸਾਰੇ ਭਵਨ ਦੇ ਨਾਲ-ਨਾਲ ਕੋਠੜੀਆਂ ਬਣਾਈਆਂ ਜਿਹੜੀਆਂ ਪੰਜ ਹੱਥ ਉੱਚੀਆਂ ਸਨ ਅਤੇ ਉਹ ਦਿਆਰ ਦੀ ਲੱਕੜੀ ਨਾਲ ਭਵਨ ਨੂੰ ਲੱਗਵੀਆਂ ਸਨ।
11 ਤਦ ਯਹੋਵਾਹ ਦਾ ਬਚਨ ਸੁਲੇਮਾਨ ਨੂੰ ਆਇਆ ਕਿ
12 ਇਹ ਭਵਨ ਜਿਹੜਾ ਤੂੰ ਬਣਾਉਂਦਾ ਹੈਂ ਜੇਕਰ ਤੂੰ ਮੇਰੀਆਂ ਬਿਧੀਆਂ ਉੱਤੇ ਚੱਲੇਂ ਅਤੇ ਮੇਰੇ ਨਿਆਂਵਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਪਾਲਨਾ ਕਰੇਂ ਅਤੇ ਮੇਰੇ ਹੁਕਮਾਂ ਅਨੁਸਾਰ ਚੱਲੇਂ, ਤਾਂ ਮੈਂ ਆਪਣੇ ਬਚਨ ਨੂੰ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਹੈ ਤੇਰੇ ਨਾਲ ਕਾਇਮ ਰੱਖਾਂਗਾ।
13 ਮੈਂ ਇਸਰਾਏਲੀਆਂ ਦੇ ਵਿੱਚ ਵੱਸਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਾ ਛੱਡਾਂਗਾ।
ਹੈਕਲ ਦੀ ਅੰਦਰੂਨੀ ਸਜਾਵਟ
14 ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ।
15 ਉਸ ਨੇ ਅੰਦਰਲੇ ਪਾਸੇ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ, ਭਵਨ ਦੇ ਫਰਸ਼ ਤੋਂ ਲੈ ਕੇ ਛੱਤ ਤੱਕ ਅੰਦਰਲੇ ਪਾਸੇ ਲੱਕੜ ਨਾਲ ਢੱਕਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦੇ ਫੱਟਾਂ ਨਾਲ ਢੱਕਿਆ।
16 ਉਸ ਨੇ ਭਵਨ ਦੇ ਪਿਛਲੇ ਪਾਸੇ ਵੀਹ ਹੱਥ ਤੱਕ ਦਿਆਰ ਦੇ ਫੱਟਾਂ ਨਾਲ ਫਰਸ਼ ਤੋਂ ਲੈ ਕੇ ਉਹ ਦੀਆਂ ਕੰਧਾਂ ਤੱਕ ਬਣਾਇਆ। ਉਹ ਦੇ ਅੰਦਰ ਵਾਰ ਵਿੱਚਲੀ ਕੋਠੜੀ ਲਈ ਅਰਥਾਤ ਅੱਤ ਪਵਿੱਤਰ ਥਾਂ ਲਈ ਉਹ ਨੂੰ ਬਣਾਇਆ।
17 ਉਹ ਭਵਨ ਅਰਥਾਤ ਸਾਹਮਣੀ ਹੈਕਲ ਚਾਲ੍ਹੀ ਹੱਥ ਲੰਮੀ ਸੀ।
18 ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ ਉਸ ਵਿੱਚ ਕਲੀਆਂ ਅਤੇ ਫੁੱਲ ਉੱਕਰੇ ਹੋਏ ਸਨ ਅਤੇ ਇਹ ਸਾਰਾ ਦਿਆਰ ਦਾ ਸੀ, ਕੋਈ ਪੱਥਰ ਨਹੀਂ ਦਿਸਦਾ ਸੀ।
19 ਭਵਨ ਦੇ ਵਿੱਚ ਅੰਦਰਲੀ ਵੱਲ ਵਿੱਚਲੀ ਕੋਠੜੀ ਸੀ, ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸਕੇ।
20 ਵਿੱਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲੰਬਾਈ ਵੀਹ ਹੱਥ, ਉਸ ਦੀ ਚੁੜਾਈ ਵੀਹ ਹੱਥ ਅਤੇ ਉਚਾਈ ਵੀ ਵੀਹ ਹੱਥ ਸੀ ਅਤੇ ਕੁੰਦਨ ਸੋਨਾ ਉਸ ਦੇ ਉੱਤੇ ਚੜ੍ਹਾਇਆ ਅਤੇ ਜਗਵੇਦੀ ਦੀ ਤਖ਼ਤਾ ਬੰਦੀ ਦਿਆਰ ਨਾਲ ਕੀਤੀ।
21 ਸੁਲੇਮਾਨ ਨੇ ਭਵਨ ਉੱਤੇ ਅੰਦਰ ਵਾਰ ਕੁੰਦਨ ਸੋਨਾ ਚੜ੍ਹਾਇਆ ਅਤੇ ਵਿੱਚਲੀ ਕੋਠੜੀ ਦੇ ਬਾਹਰਲੇ ਪਾਸੇ ਸੋਨੇ ਦੇ ਸੰਗਲ ਤਾਣ ਦਿੱਤੇ ਅਤੇ ਉਸ ਉੱਤੇ ਵੀ ਸੋਨਾ ਚੜ੍ਹਾਇਆ।
22 ਉਸ ਨੇ ਸਾਰਾ ਭਵਨ ਸੋਨੇ ਨਾਲ ਮੜ੍ਹਿਆ ਇੱਥੋਂ ਤੱਕ ਕਿ ਸਾਰਾ ਭਵਨ ਸੰਪੂਰਨ ਹੋ ਗਿਆ ਅਤੇ ਸਾਰੀ ਜਗਵੇਦੀ ਉੱਤੇ ਜਿਹੜੀ ਵਿੱਚਲੀ ਕੋਠੜੀ ਦੀ ਸੀ ਉਸ ਨੇ ਸੋਨਾ ਚੜ੍ਹਾਇਆ।
23 ਉਸ ਨੇ ਵਿੱਚਲੀ ਕੋਠੜੀ ਵਿੱਚ ਦੋ ਕਰੂਬ ਜ਼ੈਤੂਨ ਦੀ ਲੱਕੜ ਦੇ ਦਸ ਹੱਥ ਉੱਚੇ ਬਣਾਏ।
24 ਕਰੂਬ ਦੇ ਇੱਕ ਖੰਭ ਦੀ ਲੰਬਾਈ ਪੰਜ ਹੱਥ ਅਤੇ ਕਰੂਬ ਦੇ ਦੂਜੇ ਖੰਭ ਦੀ ਲੰਬਾਈ ਵੀ ਪੰਜ ਹੱਥ ਦੀ ਸੀ, ਇਸ ਤਰ੍ਹਾਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੱਕ ਦਸ ਹੱਥ ਦੀ ਵਿੱਥ ਸੀ।
25 ਦਸ ਹੀ ਹੱਥ ਦੂਜੇ ਕਰੂਬ ਦੀ ਦੋਵੇਂ ਕਰੂਬ ਇੱਕੋ ਹੀ ਮਿਣਤੀ ਅਤੇ ਇੱਕੋ ਹੀ ਡੌਲ ਦੇ ਸਨ।
26 ਇੱਕ ਕਰੂਬ ਦੀ ਉਚਿਆਈ ਦਸ ਹੱਥ ਦੀ ਸੀ ਅਤੇ ਇਸੇ ਤਰ੍ਹਾਂ ਦੂਜੇ ਕਰੂਬ ਦੀ ਸੀ।
27 ਉਸ ਨੇ ਦੋਹਾਂ ਕਰੂਬੀਆਂ ਨੂੰ ਭਵਨ ਦੇ ਅੰਦਰਲੀ ਵੱਲ ਰੱਖਿਆ, ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ ਅਤੇ ਇੱਕ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬ ਦਾ ਖੰਭ ਦੂਜੀ ਕੰਧ ਨਾਲ ਲੱਗਾ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਭਵਨ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ।
28 ਉਸ ਉਨ੍ਹਾਂ ਕਰੂਬੀਆਂ ਉੱਤੇ ਸੋਨਾ ਚੜ੍ਹਾਇਆ।
29 ਭਵਨ ਦੀਆਂ ਸਾਰੀਆਂ ਕੰਧਾਂ ਉੱਤੇ ਆਲੇ-ਦੁਆਲੇ ਕਰੂਬੀਆਂ ਅਤੇ ਖਜ਼ੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉਸ ਨੇ ਉੱਕਰ ਕੇ ਅੰਦਰਲੀ ਵੱਲ ਅਤੇ ਬਾਹਰਲੀ ਵੱਲ ਬਣਾਈਆਂ।
30 ਭਵਨ ਦੇ ਥੱਲੇ ਉੱਤੇ ਅੰਦਰ-ਬਾਹਰ ਉਸ ਨੇ ਸੋਨਾ ਚੜ੍ਹਾਇਆ।
31 ਵਿੱਚਲੀ ਕੋਠੜੀ ਵਿੱਚ ਵੜਨ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਬੂਹੇ ਬਣਾਏ। ਉਸ ਦੀਆਂ ਬਾਰੀਆਂ ਅਤੇ ਛੱਤਣ ਦੀ ਲੰਬਾਈ ਕੰਧ ਦਾ ਪੰਜਵਾਂ ਹਿੱਸਾ ਸੀ।
32 ਜ਼ੈਤੂਨ ਦੀ ਲੱਕੜ ਦੇ ਦੋਹਾਂ ਬੂਹਿਆਂ ਉੱਤੇ ਉਸ ਨੇ ਕਰੂਬੀਆਂ, ਖਜ਼ੂਰ ਦੇ ਬਿਰਛ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨਾ ਚੜ੍ਹਾਇਆ ਅਤੇ ਉਸ ਸੋਨੇ ਨੂੰ ਉਸ ਨੇ ਕਰੂਬੀਮ ਉੱਤੇ ਅਤੇ ਖਜ਼ੂਰ ਦੇ ਬਿਰਛਾਂ ਉੱਤੇ ਢਾਲ਼ ਕੇ ਚੜ੍ਹਾਇਆ।
33 ਇਸੇ ਤਰ੍ਹਾਂ ਹੈਕਲ ਦੇ ਬੂਹੇ ਲਈ ਜਿਹੜਾ ਕੰਧ ਦਾ ਚੌਥਾ ਹਿੱਸਾ ਸੀ, ਉਸ ਨੇ ਜ਼ੈਤੂਨ ਲੱਕੜ ਦੀ ਚੁਗਾਠ ਬਣਾਈ।
34 ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ।
35 ਉਨ੍ਹਾਂ ਉੱਤੇ ਕਰੂਬੀਆਂ ਖਜ਼ੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਨ੍ਹਾਂ ਸਭਨਾਂ ਉੱਤੇ ਸੋਨਾ ਚੜ੍ਹਾਇਆ, ਉਹ ਉਸ ਉੱਕਰੀ ਬਣਤ ਉੱਤੇ ਠੀਕ ਬੈਠਾ।
36 ਅੰਦਰਲੇ ਵਿਹੜੇ ਦੇ ਤਿੰਨ ਰੱਦੇ ਘੜੇ ਹੋਏ ਪੱਥਰਾਂ ਦੇ ਬਣਾਏ ਅਤੇ ਇੱਕ ਰੱਦਾ ਦਿਆਰ ਦੀ ਲੱਕੜ ਦਾ।
37 ਚੌਥੇ ਸਾਲ ਜ਼ਿਵ ਦੇ ਮਹੀਨੇ ਵਿੱਚ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ।
38 ਗਿਆਰਵੇਂ ਸਾਲ ਦੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾਂ ਮਹੀਨਾ ਹੈ, ਉਹ ਭਵਨ ਉਹ ਦੇ ਸਾਰੇ ਕੰਮ ਸਮੇਤ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ। ਉਸ ਨੇ ਉਹ ਨੂੰ ਸੱਤਾਂ ਸਾਲਾਂ ਵਿੱਚ ਬਣਾਇਆ।