13
1 ਵੇਖੋ, ਪਰਮੇਸ਼ੁਰ ਦਾ ਇੱਕ ਬੰਦਾ ਯਹੋਵਾਹ ਦੇ ਬਚਨ ਅਨੁਸਾਰ ਯਹੂਦਾਹ ਤੋਂ ਬੈਤਏਲ ਵਿੱਚ ਆਇਆ ਅਤੇ ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਕੋਲ ਖੜ੍ਹਾ ਸੀ।
2 ਉਹ ਯਹੋਵਾਹ ਦੇ ਬਚਨ ਨਾਲ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ, ਹੇ ਜਗਵੇਦੀ, ਹੇ ਜਗਵੇਦੀ! ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ ਕਿ ਵੇਖ, ਦਾਊਦ ਦੇ ਘਰਾਣੇ ਵਿੱਚੋਂ ਯੋਸ਼ੀਯਾਹ ਨਾਮੇ ਇੱਕ ਮੁੰਡਾ ਜੰਮੇਗਾ ਅਤੇ ਉਹ ਉੱਚਿਆਂ ਥਾਵਾਂ ਦੇ ਜਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਧੁਖਾਉਂਦੇ ਹਨ ਤੇਰੇ ਹੀ ਉੱਤੇ ਚੜ੍ਹਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ।
3 ਅਤੇ ਉਸ ਨੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਉਹ ਨਿਸ਼ਾਨੀ ਜਿਹੜੀ ਯਹੋਵਾਹ ਬੋਲਿਆ ਹੈ ਇਹ ਹੈ ਕਿ ਵੇਖੋ ਜਗਵੇਦੀ ਪਾਟ ਜਾਵੇਗੀ ਅਤੇ ਉਹ ਸੁਆਹ ਜਿਹੜੀ ਉਹ ਦੇ ਉੱਤੇ ਹੋਵੇਗੀ ਢਿਲਕ ਜਾਵੇਗੀ।
4 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਦਾ ਬਚਨ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, ਇਸ ਨੂੰ ਫੜ ਲਓ ਤਾਂ ਉਸ ਦੀ ਉਹ ਬਾਂਹ ਜਿਹੜੀ ਲੰਮੀ ਕੀਤੀ ਸੀ ਸੁੱਕ ਗਈ ਸੋ ਉਹ ਉਸ ਨੂੰ ਆਪਣੀ ਵੱਲ ਖਿੱਚ ਨਾ ਸਕਿਆ।
5 ਤਾਂ ਜਗਵੇਦੀ ਵੀ ਪਾਟ ਗਈ ਅਤੇ ਸੁਆਹ ਉਸ ਜਗਵੇਦੀ ਤੋਂ ਢਿਲਕ ਪਈ ਉਸ ਨਿਸ਼ਾਨੀ ਦੇ ਅਨੁਸਾਰ ਜੋ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਦੇ ਬਚਨ ਨਾਲ ਦਿੱਤੀ ਸੀ।
6 ਤਾਂ ਪਾਤਸ਼ਾਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਉੱਤਰ ਵਿੱਚ ਆਖਿਆ ਕਿ ਹੁਣ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰ ਕਿ ਮੇਰਾ ਹੱਥ ਫੇਰ ਮੇਰੇ ਲਈ ਚੰਗਾ ਕੀਤਾ ਜਾਵੇ ਤਾਂ ਉਸ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਅਤੇ ਪਾਤਸ਼ਾਹ ਦਾ ਹੱਥ ਉਹ ਦੇ ਲਈ ਚੰਗਾ ਕੀਤਾ ਗਿਆ ਅਤੇ ਅੱਗੇ ਵਰਗਾ ਹੋ ਗਿਆ।
7 ਤਾਂ ਪਾਤਸ਼ਾਹ ਉਸ ਪਰਮੇਸ਼ੁਰ ਦੇ ਬੰਦੇ ਨੂੰ ਬੋਲਿਆ ਕਿ ਮੇਰੇ ਨਾਲ ਮਹਿਲ ਨੂੰ ਚੱਲ ਅਤੇ ਭੋਜਣ ਕਰ ਅਤੇ ਮੈਂ ਤੈਨੂੰ ਦਾਨ ਦਿਆਂਗਾ।
8 ਪਰ ਉਸ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਆਖਿਆ, ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਤਾਂ ਵੀ ਮੈਂ ਤੇਰੇ ਨਾਲ ਨਹੀਂ ਜਾਂਵਾਂਗਾ ਨਾ ਇੱਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ।
9 ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਇਸੇ ਰਾਹ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ।
10 ਸੋ ਉਹ ਦੂਜੇ ਰਾਹ ਥਾਣੀ ਮੁੜ ਗਿਆ ਉਸ ਰਾਹੋਂ ਨਹੀਂ ਜਿਸ ਥਾਣੀ ਉਹ ਬੈਤਏਲ ਨੂੰ ਆਇਆ ਸੀ।
ਬੈਤਏਲ ਦਾ ਬੁੱਢਾ ਨਬੀ
11 ਬੈਤਏਲ ਵਿੱਚ ਇੱਕ ਬੁੱਢਾ ਨਬੀ ਵੱਸਦਾ ਸੀ। ਉਸ ਦੇ ਪੁੱਤਰਾਂ ਨੇ ਆਣ ਕੇ ਉਹ ਸਾਰੇ ਕੰਮ ਦੱਸੇ ਜਿਹੜੇ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤਏਲ ਵਿੱਚ ਕੀਤੇ ਅਤੇ ਉਹ ਗੱਲਾਂ ਜੋ ਉਹ ਪਾਤਸ਼ਾਹ ਨੂੰ ਬੋਲਿਆ ਆਪਣੇ ਪਿਤਾ ਨੂੰ ਦੱਸੀਆਂ।
12 ਤਾਂ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਉਹ ਕਿਸ ਰਾਹ ਗਿਆ? ਕਿਉਂ ਜੋ ਉਸ ਦੇ ਪੁੱਤਰਾਂ ਨੇ ਵੇਖ ਲਿਆ ਸੀ ਕਿ ਉਹ ਪਰਮੇਸ਼ੁਰ ਦਾ ਬੰਦਾ ਜਿਹੜਾ ਯਹੂਦਾਹ ਤੋਂ ਆਇਆ ਸੀ ਕਿਹੜੇ ਰਾਹ ਗਿਆ।
13 ਤਾਂ ਉਸ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਲਈ ਗਧੇ ਉੱਤੇ ਕਾਠੀ ਕੱਸ ਦਿਓ ਸੋ ਉਨ੍ਹਾਂ ਨੇ ਉਸ ਲਈ ਗਧੇ ਉੱਤੇ ਕਾਠੀ ਕੱਸ ਦਿੱਤੀ ਤਾਂ ਉਹ ਉਸ ਉੱਤੇ ਚੜ੍ਹ ਗਿਆ।
14 ਅਤੇ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਸੋ ਉਹ ਉਸ ਨੂੰ ਬਲੂਤ ਦੇ ਹੇਠ ਬੈਠਾ ਹੋਇਆ ਲੱਭਾ ਤਾਂ ਉਸ ਨੇ ਉਹ ਨੂੰ ਆਖਿਆ, ਕੀ ਤੂੰ ਉਹੋ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ ਹੈਂ? ਉਸ ਆਖਿਆ, ਮੈਂ ਹੀ ਹਾਂ।
15 ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਨਾਲ ਘਰ ਨੂੰ ਚੱਲ ਅਤੇ ਰੋਟੀ ਖਾਹ।
16 ਪਰ ਉਸ ਆਖਿਆ, ਮੈਂ ਤੇਰੇ ਨਾਲ ਮੁੜ ਨਹੀਂ ਸਕਦਾ ਨਾ ਤੇਰੇ ਘਰ ਦੇ ਅੰਦਰ ਜਾ ਸਕਦਾ ਹਾਂ ਨਾ ਮੈਂ ਤੇਰੇ ਨਾਲ ਇੱਥੇ ਰੋਟੀ ਖਾਵਾਂਗਾ ਨਾ ਪਾਣੀ ਪੀਵਾਂਗਾ।
17 ਕਿਉਂ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਨੂੰ ਹੁਕਮ ਹੋਇਆ ਹੈ ਕਿ ਤੂੰ ਨਾ ਉੱਥੇ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਉਸ ਰਾਹ ਥਾਣੀ ਮੁੜੀ ਜਿੱਥੋਂ ਦੀ ਤੂੰ ਗਿਆ।
18 ਤਾਂ ਉਸ ਨੇ ਉਹ ਨੂੰ ਆਖਿਆ, ਮੈਂ ਵੀ ਤੇਰੇ ਜਿਹਾ ਇੱਕ ਨਬੀ ਹਾਂ ਅਤੇ ਯਹੋਵਾਹ ਦੇ ਬਚਨ ਨਾਲ ਇੱਕ ਦੂਤ ਮੈਨੂੰ ਬੋਲਿਆ ਕਿ ਤੂੰ ਉਹ ਨੂੰ ਆਪਣੇ ਘਰ ਮੋੜ ਲਿਆ ਕਿ ਉਹ ਤੇਰੇ ਘਰ ਰੋਟੀ ਖਾਵੇ ਅਤੇ ਪਾਣੀ ਪੀਵੇ ਪਰ ਉਸ ਨੇ ਉਹ ਦੇ ਨਾਲ ਝੂਠ ਮਾਰਿਆ।
19 ਸੋ ਉਹ ਉਸ ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਰੋਟੀ ਖਾਧੀ ਅਤੇ ਪਾਣੀ ਪੀਤਾ।
20 ਤਾਂ ਇਸ ਤਰ੍ਹਾਂ ਹੋਇਆ ਜਦ ਉਹ ਮੇਜ਼ ਕੋਲ ਬੈਠ ਰਹੇ ਸਨ ਕਿ ਯਹੋਵਾਹ ਦਾ ਬਚਨ ਉਸ ਨਬੀ ਨੂੰ ਜਿਹੜਾ ਉਸ ਨੂੰ ਮੋੜ ਲਿਆਇਆ ਸੀ ਆਇਆ।
21 ਤਾਂ ਉਹ ਨੇ ਉਸ ਪਰਮੇਸ਼ੁਰ ਦੇ ਬੰਦੇ ਨੂੰ ਜਿਹੜਾ ਯਹੂਦਾਹ ਤੋਂ ਆਇਆ ਸੀ ਉੱਚੀ ਦਿੱਤੀ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਇਸ ਲਈ ਕਿ ਤੂੰ ਯਹੋਵਾਹ ਦੇ ਵਾਕ ਦੀ ਉਲੰਘਣਾ ਕੀਤੀ ਅਤੇ ਉਸ ਹੁਕਮ ਦੀ ਪਾਲਨਾ ਨਹੀਂ ਕੀਤੀ ਜਿਸ ਦਾ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
22 ਸਗੋਂ ਤੂੰ ਮੁੜ ਆਇਆ ਅਤੇ ਉਸ ਥਾਂ ਜਿੱਥੋਂ ਯਹੋਵਾਹ ਨੇ ਤੈਨੂੰ ਆਖਿਆ ਸੀ ਕਿ ਨਾ ਰੋਟੀ ਖਾਵੀਂ ਅਤੇ ਨਾ ਪਾਣੀ ਪੀਵੀਂ ਤੂੰ ਰੋਟੀ ਵੀ ਖਾਧੀ ਅਤੇ ਪਾਣੀ ਵੀ ਪੀਤਾ ਸੋ ਤੇਰੀ ਲੋਥ ਤੇਰੇ ਪਿਓ ਦਾਦਿਆਂ ਦੀ ਕਬਰ ਵਿੱਚ ਨਾ ਜਾਏਗੀ।
23 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਅੰਨ ਜਲ ਖਾ ਪੀ ਚੁੱਕਾ ਤਾਂ ਉਸ ਨੇ ਆਪਣੇ ਗਧੇ ਉੱਤੇ ਉਸ ਨਬੀ ਲਈ ਜਿਹ ਨੂੰ ਉਹ ਮੋੜ ਲਿਆਇਆ ਸੀ ਕਾਠੀ ਪਾਈ।
24 ਜਦ ਉਹ ਤੁਰਿਆ ਜਾਂਦਾ ਸੀ ਤਾਂ ਰਾਹ ਵਿੱਚ ਉਸ ਨੂੰ ਇੱਕ ਸ਼ੇਰ ਮਿਲਿਆ ਜਿਸ ਨੇ ਉਸ ਨੂੰ ਪਾੜ ਸੁੱਟਿਆ ਸੋ ਉਸ ਦੀ ਲੋਥ ਰਾਹ ਵਿੱਚ ਪਈ ਰਹੀ ਅਤੇ ਗਧਾ ਉਸ ਨੇ ਨੇੜੇ ਖੜ੍ਹਾ ਰਿਹਾ ਅਤੇ ਸ਼ੇਰ ਵੀ ਉਸ ਲੋਥ ਦੇ ਕੋਲ ਖੜ੍ਹਾ ਰਿਹਾ।
25 ਤਾਂ ਵੇਖੋ ਕਿ ਮਨੁੱਖ ਉੱਥੋਂ ਦੀ ਲੰਘਦੇ ਸਨ ਅਤੇ ਉਨ੍ਹਾਂ ਨੇ ਵੇਖਿਆ ਕਿ ਲੋਥ ਰਾਹ ਵਿੱਚ ਡਿੱਗੀ ਪਈ ਹੈ ਅਤੇ ਸ਼ੇਰ ਲਾਸ਼ ਦੇ ਕੋਲ ਖੜ੍ਹਾ ਹੈ ਸੋ ਉਨ੍ਹਾਂ ਨੇ ਸ਼ਹਿਰ ਵਿੱਚ ਜਿੱਥੇ ਬੁੱਢਾ ਨਬੀ ਰਹਿੰਦਾ ਸੀ ਜਾ ਕੇ ਗੱਲ ਦੱਸੀ।
26 ਅਤੇ ਉਸ ਨਬੀ ਨੇ ਜਿਹੜਾ ਉਸ ਨੂੰ ਰਾਹ ਵਿੱਚੋਂ ਮੋੜ ਲਿਆਇਆ ਸੀ ਸੁਣ ਕੇ ਆਖਿਆ ਕਿ ਇਹ ਉਹ ਪਰਮੇਸ਼ੁਰ ਦਾ ਬੰਦਾ ਸੀ ਜਿਸ ਯਹੋਵਾਹ ਦੇ ਬਚਨ ਦੀ ਉਲੰਘਣਾ ਕੀਤੀ ਇਸੇ ਲਈ ਯਹੋਵਾਹ ਨੇ ਉਸ ਨੂੰ ਸ਼ੇਰ ਦੇ ਹਵਾਲੇ ਕੀਤਾ ਜਿਸ ਉਸ ਨੂੰ ਪਾੜਿਆ ਅਤੇ ਮਾਰ ਸੁੱਟਿਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਹ ਉਸ ਨੂੰ ਬੋਲਿਆ ਸੀ।
27 ਤਾਂ ਉਹ ਆਪਣੇ ਪੁੱਤਰਾਂ ਨੂੰ ਬੋਲਿਆ ਕਿ ਮੇਰੇ ਲਈ ਗਧੇ ਉੱਤੇ ਕਾਠੀ ਪਾ ਦਿਓ ਤਾਂ ਉਨ੍ਹਾਂ ਨੇ ਪਾ ਦਿੱਤੀ।
28 ਤਾਂ ਉਹ ਗਿਆ ਅਤੇ ਉਸ ਦੀ ਲੋਥ ਰਾਹ ਵਿੱਚ ਡਿੱਗੀ ਪਈ ਲੱਭੀ ਅਤੇ ਗਧਾ ਤੇ ਸ਼ੇਰ ਲਾਸ਼ ਦੇ ਕੋਲ ਖੜ੍ਹੇ ਸਨ। ਸ਼ੇਰ ਨੇ ਨਾ ਲੋਥ ਖਾਧੀ ਅਤੇ ਨਾ ਗਧੇ ਨੂੰ ਪਾੜਿਆ।
29 ਤਾਂ ਉਸ ਨਬੀ ਨੇ ਪਰਮੇਸ਼ੁਰ ਦੇ ਬੰਦੇ ਦੀ ਲੋਥ ਨੂੰ ਚੁੱਕ ਲਿਆ ਅਤੇ ਉਸ ਨੂੰ ਗਧੇ ਉੱਤੇ ਰੱਖ ਕੇ ਮੋੜ ਲਿਆਇਆ ਅਤੇ ਉਹ ਬੁੱਢਾ ਨਬੀ ਉਸ ਦਾ ਸੋਗ ਕਰਨ ਨੂੰ ਅਤੇ ਦੱਬਣ ਨੂੰ ਸ਼ਹਿਰ ਨੂੰ ਆਇਆ।
30 ਉਹ ਨੇ ਉਸ ਦੀ ਲੋਥ ਆਪਣੀ ਕਬਰ ਵਿੱਚ ਰੱਖ ਦਿੱਤੀ ਅਤੇ ਉਨ੍ਹਾਂ ਉਸ ਉੱਤੇ “ਹਾਏ ਓਏ ਮੇਰਿਆ ਭਰਾਵਾ” ਆਖ ਕੇ ਵਿਰਲਾਪ ਕੀਤਾ।
31 ਤਾਂ ਇਸ ਤਰ੍ਹਾਂ ਹੋਇਆ ਕਿ ਉਸ ਨੂੰ ਦੱਬ ਚੁੱਕਣ ਦੇ ਪਿੱਛੋਂ ਉਹ ਨੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਜਦ ਮੈਂ ਮਰਾਂ ਤਾਂ ਮੈਨੂੰ ਉਸ ਕਬਰ ਵਿੱਚ ਦੱਬਣਾ ਜਿਸ ਵਿੱਚ ਪਰਮੇਸ਼ੁਰ ਦੇ ਬੰਦੇ ਨੂੰ ਦੱਬਿਆ ਹੈ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਦੇ ਨਾਲ-ਨਾਲ ਰੱਖਣੀਆਂ।
32 ਕਿਉਂ ਜੋ ਯਹੋਵਾਹ ਦਾ ਉਹ ਬਚਨ ਜੋ ਉਸ ਨੇ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਅਤੇ ਉਨ੍ਹਾਂ ਸਭਨਾਂ ਉੱਚਿਆਂ ਥਾਵਾਂ ਦੇ ਭਵਨਾਂ ਦੇ ਵਿਰੁੱਧ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਹਨ ਬੋਲਿਆ ਸੀ ਉਹ ਸੱਚ-ਮੁੱਚ ਪੂਰਾ ਹੋਵੇਗਾ।
ਯਾਰਾਬੁਆਮ ਦਾ ਘਾਤਕ ਪਾਪ
33 ਇਸ ਗੱਲ ਦੇ ਪਿੱਛੋਂ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਮੁੜਿਆ ਸਗੋਂ ਸਾਰੇ ਲੋਕਾਂ ਵਿੱਚੋਂ ਉੱਚੇ ਥਾਵਾਂ ਲਈ ਜਾਜਕ ਫੇਰ ਰੱਖ ਲਏ। ਜਿਸ ਕਿਸੇ ਨੂੰ ਚਾਹਿਆ ਉਸ ਨੇ ਉਹ ਨੂੰ ਥਾਪ ਦਿੱਤਾ ਤਾਂ ਜੋ ਉਹ ਉੱਚਿਆਂ ਥਾਵਾਂ ਦਾ ਜਾਜਕ ਬਣ ਜਾਵੇ।
34 ਇਸ ਗੱਲ ਤੋਂ ਇਹ ਯਾਰਾਬੁਆਮ ਦਾ ਪਾਪ ਹੋਇਆ ਜੋ ਉਸ ਦੇ ਮਿਟਾਉਣ ਅਤੇ ਧਰਤੀ ਤੋਂ ਨਾਸ ਹੋਣ ਦਾ ਕਾਰਨ ਬਣਿਆ।