36
ਹੈਕਲ ਵਿੱਚ ਬਾਰੂਕ ਦੁਆਰਾ ਪੁਸਤਕ ਨੂੰ ਪੜ੍ਹਨਾ
1 ਤਦ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇਹ ਬਚਨ ਆਇਆ ਕਿ
2 ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ
3 ਕੀ ਜਾਣੀਏ ਕਿ ਯਹੂਦਾਹ ਦਾ ਘਰਾਣਾ ਉਸ ਸਾਰੀ ਬੁਰਿਆਈ ਨੂੰ ਜਿਹ ਦਾ ਮੈਂ ਉਹਨਾਂ ਉੱਤੇ ਲਿਆਉਣ ਦਾ ਮਤਾ ਕੀਤਾ ਹੈ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ
4 ਤਾਂ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ ਅਤੇ ਬਾਰੂਕ ਨੇ ਯਿਰਮਿਯਾਹ ਦੇ ਮੂੰਹ ਤੋਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਬੋਲਿਆ ਲਪੇਟਵੀਂ ਪੱਤ੍ਰੀ ਵਿੱਚ ਲਿਖ ਲਈਆਂ
5 ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦੇ ਕੇ ਆਖਿਆ, ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾਹ ਦੇ ਭਵਨ ਵਿੱਚ ਜਾ ਨਹੀਂ ਸਕਦਾ
6 ਇਸ ਲਈ ਤੂੰ ਜਾ ਅਤੇ ਯਹੋਵਾਹ ਦੀਆਂ ਉਹ ਗੱਲਾਂ ਜਿਹੜੀਆਂ ਤੂੰ ਮੇਰੇ ਮੂੰਹੋਂ ਉਸ ਲਪੇਟੇ ਹੋਏ ਪੱਤਰ ਵਿੱਚ ਲਿਖੀਆਂ ਹਨ ਯਹੋਵਾਹ ਦੇ ਭਵਨ ਵਿੱਚ ਵਰਤ ਵਾਲੇ ਦਿਨ ਪੜ੍ਹ ਕੇ ਪਰਜਾ ਦੇ ਕੰਨਾਂ ਵਿੱਚ ਸੁਣਾ, ਨਾਲੇ ਸਾਰੇ ਯਹੂਦਾਹ ਦੇ ਕੰਨਾਂ ਵਿੱਚ ਜਿਹੜੇ ਆਪਣੇ ਸ਼ਹਿਰਾਂ ਤੋਂ ਆਏ ਹੋਏ ਹਨ ਪੜ੍ਹ ਕੇ ਸੁਣਾ
7 ਕੀ ਜਾਣੀਏ ਭਈ ਉਹਨਾਂ ਦਾ ਤਰਲਾ ਯਹੋਵਾਹ ਅੱਗੇ ਆਵੇ ਅਤੇ ਉਹਨਾਂ ਵਿੱਚੋਂ ਹਰੇਕ ਆਪਣੇ ਬੁਰੇ ਰਾਹ ਤੋਂ ਫਿਰੇ ਕਿਉਂ ਜੋ ਉਹ ਕ੍ਰੋਧ ਅਤੇ ਗੁੱਸਾ ਜਿਹ ਦੇ ਬਾਰੇ ਉਹ ਇਸ ਪਰਜਾ ਨਾਲ ਬੋਲਿਆ ਹੈ ਵੱਡਾ ਹੈ
8 ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਿਰਮਿਯਾਹ ਨਬੀ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਦੇ ਭਵਨ ਵਿੱਚ ਯਹੋਵਾਹ ਦੀਆਂ ਗੱਲਾਂ ਪੱਤਰੀ ਵਿੱਚੋਂ ਪੜ੍ਹੀਆਂ
9 ਤਾਂ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਪੰਜਵੇਂ ਸਾਲ ਦੇ ਨੌਵੇਂ ਮਹੀਨੇ ਯਰੂਸ਼ਲਮ ਦੀ ਸਾਰੀ ਪਰਜਾ ਨੇ ਅਤੇ ਸਾਰੀ ਪਰਜਾ ਨੇ ਜਿਹੜੀ ਯਹੂਦਾਹ ਦੇ ਸ਼ਹਿਰਾਂ ਤੋਂ ਯਰੂਸ਼ਲਮ ਨੂੰ ਆਈ ਹੋਈ ਸੀ ਵਰਤ ਦੀ ਡੌਂਡੀ ਯਹੋਵਾਹ ਦੇ ਸਨਮੁਖ ਪਿੱਟੀ
10 ਤਦ ਬਾਰੂਕ ਨੇ ਯਹੋਵਾਹ ਦੇ ਭਵਨ ਵਿੱਚ ਯਿਰਮਿਯਾਹ ਦੀਆਂ ਗੱਲਾਂ ਪੱਤ੍ਰੀ ਵਿੱਚੋਂ ਸ਼ਾਫਾਨ ਦੇ ਪੁੱਤਰ ਗਮਰਯਾਹ ਲਿਖਾਰੀ ਦੀ ਕੋਠੜੀ ਦੇ ਵਿੱਚ ਉੱਪਰਲੇ ਵਿਹੜੇ ਦੇ ਵਿਚਕਾਰ ਯਹੋਵਾਹ ਦੇ ਭਵਨ ਨੇ ਨਵੇਂ ਫਾਟਕ ਦੇ ਦਰ ਉੱਤੇ ਸਾਰੀ ਪਰਜਾ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈਆਂ।
ਹਾਕਮਾਂ ਨੂੰ ਪੜ੍ਹ ਕੇ ਸੁਣਾਇਆ ਜਾਣਾ
11 ਜਦ ਸ਼ਾਫਾਨ ਦੇ ਪੋਤੇ ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਪੱਤ੍ਰੀ ਵਿੱਚ ਸਨ ਸੁਣੀਆਂ
12 ਤਾਂ ਉਹ ਉਤਰ ਕੇ ਰਾਜਾ ਦੇ ਮਹਿਲ ਵਿੱਚ ਲਿਖਾਰੀ ਦੀ ਕੋਠੜੀ ਉੱਤੇ ਗਿਆ। ਵੇਖੋ, ਉੱਥੇ ਸਾਰੇ ਸਰਦਾਰ ਬੈਠੇ ਸਨ, ਅਲੀਸ਼ਾਮਾ ਲਿਖਾਰੀ, ਸ਼ਮਆਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲਨਾਥਾਨ, ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਸਾਰੇ ਸਰਦਾਰ
13 ਮੀਕਾਯਾਹ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਜਿਹੜੀਆਂ ਬਾਰੂਕ ਨੇ ਪੱਤ੍ਰੀ ਵਿੱਚੋਂ ਪੜ੍ਹੀਆਂ ਅਤੇ ਪਰਜਾ ਦੇ ਕੰਨੀਂ ਸੁਣਾਈਆਂ ਸਨ
14 ਤਾਂ ਸਾਰੇ ਸਰਦਾਰਾਂ ਨੇ ਕੂਸ਼ੀ ਦੇ ਪੜਪੋਤੇ ਸ਼ਲਮਯਾਹ ਦੇ ਪੋਤੇ ਨਥਨਯਾਹ ਦੇ ਪੁੱਤਰ ਯਹੂਦੀ ਨੂੰ ਬਾਰੂਕ ਕੋਲ ਭੇਜਿਆ ਕਿ ਉਹ ਲਪੇਟਿਆ ਹੋਇਆ ਪੱਤਰ ਜਿਹੜਾ ਤੂੰ ਪੜ੍ਹ ਕੇ ਪਰਜਾ ਦੇ ਕੰਨੀਂ ਸੁਣਾਇਆ ਹੈ ਆਪਣੇ ਹੱਥ ਵਿੱਚ ਲੈ ਕੇ ਤੁਰ ਆ। ਤਾਂ ਨੇਰੀਯਾਹ ਦਾ ਪੁੱਤਰ ਬਾਰੂਕ ਉਹ ਲਪੇਟਿਆ ਹੋਇਆ ਆਪਣੇ ਹੱਥ ਵਿੱਚ ਲੈ ਕੇ ਉਹਨਾਂ ਕੋਲ ਗਿਆ
15 ਉਹਨਾਂ ਉਸ ਨੂੰ ਆਖਿਆ, ਜ਼ਰਾ ਬੈਠ ਜਾ ਅਤੇ ਪੜ੍ਹ ਕੇ ਸਾਨੂੰ ਸੁਣਾ। ਤਾਂ ਬਾਰੂਕ ਨੇ ਪੜ੍ਹ ਕੇ ਉਹਨਾਂ ਨੂੰ ਸੁਣਾਇਆ
16 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹਨਾਂ ਇਹ ਗੱਲਾਂ ਸੁਣੀਆਂ ਤਾਂ ਹਰੇਕ ਆਪਣੇ ਸਾਥੀ ਵੱਲ ਵੇਖ ਕੇ ਕੰਬਣ ਲੱਗ ਪਿਆ। ਉਹਨਾਂ ਨੇ ਬਾਰੂਕ ਨੂੰ ਆਖਿਆ ਕਿ ਸਾਨੂੰ ਇਹ ਸਾਰੀਆਂ ਗੱਲਾਂ ਰਾਜਾ ਨੂੰ ਦੱਸਣੀਆਂ ਪੈਣਗੀਆਂ
17 ਉਹਨਾਂ ਨੇ ਬਾਰੂਕ ਨੂੰ ਪੁੱਛਿਆ ਕਿ ਸਾਨੂੰ ਦੱਸ ਭਈ ਇਹ ਸਾਰੀਆਂ ਗੱਲਾਂ ਤੂੰ ਉਹ ਦੇ ਮੂੰਹੋਂ ਕਿਵੇਂ ਲਿਖੀਆਂ?
18 ਤਾਂ ਬਾਰੂਕ ਨੇ ਉਹਨਾਂ ਨੂੰ ਆਖਿਆ ਕਿ ਉਹ ਇਹ ਸਾਰੀਆਂ ਗੱਲਾਂ ਆਪਣੇ ਮੂੰਹੋਂ ਉੱਚਰਦਾ ਗਿਆ ਅਤੇ ਮੈਂ ਸਿਆਹੀ ਨਾਲ ਪੱਤ੍ਰੀ ਉੱਤੇ ਲਿਖਦਾ ਗਿਆ
19 ਤਦ ਸਰਦਾਰਾਂ ਨੇ ਬਾਰੂਕ ਨੂੰ ਆਖਿਆ, ਜਾ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ!
ਰਾਜਾ ਦੁਆਰਾ ਪੁਸਤਕ ਨੂੰ ਜਲਾਇਆ ਜਾਣਾ
20 ਉਹ ਵਿਹੜੇ ਵਿੱਚ ਰਾਜਾ ਕੋਲ ਗਏ ਪਰ ਉਸ ਲਪੇਟੇ ਹੋਏ ਪੱਤਰ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚ ਰਖਵਾ ਗਏ। ਉਹਨਾਂ ਨੇ ਉਹ ਸਾਰੀਆਂ ਗੱਲਾਂ ਰਾਜਾ ਨੂੰ ਸੁਣਾਈਆਂ ਅਤੇ ਦੱਸੀਆਂ
21 ਤਾਂ ਰਾਜਾ ਨੇ ਯਹੂਦੀ ਨੂੰ ਭੇਜਿਆ ਕਿ ਉਸ ਲਪੇਟੇ ਹੋਏ ਪੱਤਰ ਨੂੰ ਲਿਆਵੇ ਤਾਂ ਉਹ ਉਸ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚੋਂ ਲੈ ਆਇਆ। ਯਹੂਦੀ ਨੇ ਰਾਜਾ ਦੇ ਕੰਨੀਂ ਅਤੇ ਸਾਰੇ ਸਰਦਾਰਾਂ ਦੇ ਕੰਨੀਂ ਜਿਹੜੇ ਰਾਜਾ ਦੇ ਅੱਗੇ ਖਲੋਤੇ ਸਨ ਉਸ ਨੂੰ ਪੜ੍ਹ ਕੇ ਸੁਣਾਇਆ
22 ਰਾਜਾ ਸਿਆਲ ਵਾਲੇ ਮਹਿਲ ਵਿੱਚ ਬੈਠਾ ਹੋਇਆ ਸੀ। ਨੌਵਾਂ ਮਹੀਨਾ ਸੀ ਅਤੇ ਉਹ ਦੇ ਅੱਗੇ ਅੰਗੀਠੀ ਬਲਦੀ ਸੀ
23 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦੀ ਤਿੰਨ ਚਾਰ ਕਾਂਡ ਪੜ੍ਹ ਚੁੱਕਾ ਤਾਂ ਉਸ ਨੂੰ ਲਿਖਾਰੀ ਦੇ ਚਾਕੂ ਨਾਲ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਐਥੋਂ ਤੱਕ ਕਿ ਉਹ ਲਪੇਟਿਆ ਹੋਇਆ ਪੱਤਰ ਸਾਰੇ ਦਾ ਸਾਰਾ ਅੰਗੀਠੀ ਦੀ ਅੱਗ ਵਿੱਚ ਭਸਮ ਹੋ ਗਿਆ
24 ਨਾ ਉਹ ਡਰੇ, ਨਾ ਉਹਨਾਂ ਆਪਣੇ ਕੱਪੜੇ ਪਾੜੇ, ਨਾ ਰਾਜਾ ਨੇ ਨਾ ਉਹ ਦੇ ਸਾਰੇ ਟਹਿਲੂਆਂ ਨੇ ਜਿਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ
25 ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ
26 ਤਾਂ ਰਾਜਾ ਨੇ ਰਾਜਾ ਦੇ ਪੁੱਤਰ ਯਰਹਮਏਲ ਨੂੰ ਅਤੇ ਅਜ਼ਰੀਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸ਼ਲਮਯਾਹ ਨੂੰ ਹੁਕਮ ਦਿੱਤਾ ਕਿ ਬਾਰੂਕ ਲਿਖਾਰੀ ਨੂੰ ਯਿਰਮਿਯਾਹ ਨਬੀ ਨੂੰ ਫੜ ਲੈਣ ਪਰ ਯਹੋਵਾਹ ਨੇ ਉਹਨਾਂ ਨੂੰ ਲੁਕਾ ਦਿੱਤਾ।
ਯਿਰਮਿਯਾਹ ਦੁਆਰਾ ਇੱਕ ਹੋਰ ਪੁਸਤਕ ਲਿਖਣਾ
27 ਇਸ ਦੇ ਪਿੱਛੇ ਕਿ ਰਾਜਾ ਨੇ ਉਹ ਲਪੇਟਿਆ ਹੋਇਆ ਪੱਤਰ ਅਤੇ ਯਿਰਮਿਯਾਹ ਦੇ ਮੂੰਹ ਦੀਆਂ ਗੱਲਾਂ ਜਿਹੜੀਆਂ ਬਾਰੂਕ ਨੇ ਲਿਖੀਆਂ ਸਨ ਉਹ ਸਾੜ ਦਿੱਤੀਆਂ, ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਦੇ ਕੋਲ ਆਇਆ ਕਿ
28 ਫਿਰ ਆਪਣੇ ਲਈ ਦੂਜਾ ਲਪੇਟਿਆ ਹੋਇਆ ਪੱਤਰ ਲੈ ਅਤੇ ਉਹ ਦੇ ਵਿੱਚ ਉਹ ਸਾਰੀਆਂ ਪਹਿਲੀਆਂ ਗੱਲਾਂ ਜਿਹੜੀਆਂ ਅਗਲੇ ਲਪੇਟੇ ਹੋਏ ਪੱਤਰ ਵਿੱਚ ਸਨ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਸਾੜ ਸੁੱਟਿਆ ਹੈ ਲਿਖ
29 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਤੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੂੰ ਇਹ ਲਪੇਟਿਆ ਹੋਇਆ ਪੱਤਰ ਇਹ ਆਖ ਕੇ ਸਾੜ ਸੁੱਟਿਆ ਭਈ ਤੂੰ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ?
30 ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਲਈ ਉਹ ਦਾ ਕੋਈ ਨਾ ਹੋਵੇਗਾ, ਅਤੇ ਉਹ ਦੀ ਲੋਥ ਦਿਨ ਦੀ ਗਰਮੀ ਵਿੱਚ ਅਤੇ ਰਾਤ ਦੇ ਪਾਲੇ ਵਿੱਚ ਸੁੱਟੀ ਜਾਵੇਗੀ
31 ਮੈਂ ਉਹ ਨੂੰ, ਉਹ ਦੀ ਨਸਲ ਨੂੰ, ਉਹ ਦੇ ਟਹਿਲੂਆਂ ਨੂੰ ਉਹਨਾਂ ਦੀ ਬਦੀ ਦੇ ਕਾਰਨ ਸਜ਼ਾ ਦਿਆਂਗਾ। ਮੈਂ ਉਹਨਾਂ ਉੱਤੇ, ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਮਨੁੱਖਾਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਨੂੰ ਆਖੀ ਹੈ ਲਿਆਵਾਂਗਾ ਪਰ ਉਹਨਾਂ ਨਾ ਸੁਣਿਆ।
32 ਤਦ ਯਿਰਮਿਯਾਹ ਨੇ ਦੂਜਾ ਲਪੇਟਣ ਵਾਲਾ ਪੱਤਰ ਲਿਆ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਲਿਖਾਰੀ ਨੂੰ ਦਿੱਤਾ, ਤਾਂ ਉਹ ਦੇ ਉੱਤੇ ਯਿਰਮਿਯਾਹ ਦੇ ਮੂੰਹੋਂ ਉਸ ਪੋਥੀ ਦੀਆਂ ਸਾਰੀਆਂ ਗੱਲਾਂ ਲਿਖੀਆਂ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤਾ ਸੀ ਅਤੇ ਹੋਰ ਉਹਨਾਂ ਵਰਗੀਆਂ ਬਹੁਤ ਗੱਲਾਂ ਉਹਨਾਂ ਵਿੱਚ ਮਿਲਾਈਆਂ ਗਈਆਂ।