13
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ
1 ਇਹ ਸਮਾਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸੀ ਅਤੇ ਯਿਸੂ ਜਾਣਦਾ ਸੀ ਕਿ ਉਸਦਾ ਸੰਸਾਰ ਨੂੰ ਛੱਡਣ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਨੇੜੇ ਸੀ। ਜਿਹੜੇ ਲੋਕ ਇਸ ਸੰਸਾਰ ਵਿੱਚ ਉਸ ਦੇ ਨੇੜੇ ਸਨ, ਯਿਸੂ ਨੇ ਸਦਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੱਕ ਪਿਆਰ ਕੀਤਾ।
2 ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਯਿਸੂ ਨਾਲ ਧੋਖਾ ਕਰਨ ਲਈ ਦਿਲ ਵਿੱਚ ਪਾ ਚੁੱਕਿਆ ਸੀ।
3 ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ।
4 ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖੜ੍ਹਾ ਹੋਇਆ ਅਤੇ ਆਪਣਾ ਚੋਗਾ ਲਾਹ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ।
5 ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ, ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਸਾਫ਼ ਕੀਤੇ।
6 ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?”
7 ਯਿਸੂ ਨੇ ਆਖਿਆ “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ।”
8 ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।” ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਮੇਰੀ ਤੇਰੇ ਨਾਲ ਕੋਈ ਸਾਂਝ ਨਹੀਂ ਹੋਵੇਂਗੀ।”
9 ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ।”
10 ਯਿਸੂ ਨੇ ਆਖਿਆ, “ਉਹ ਮਨੁੱਖ ਜਿਸ ਨੇ ਆਪਣਾ ਸਾਰਾ ਸਰੀਰ ਸਾਫ਼ ਕੀਤਾ ਹੈ ਅਤੇ ਸਿਰਫ਼ ਉਸ ਦੇ ਪੈਰ ਧੋਣੇ ਚਾਹੀਦੇ ਹਨ। ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ।”
11 ਯਿਸੂ ਨੂੰ ਪਤਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ।”
12 ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾ ਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ?”
13 ਤੁਸੀਂ ਮੈਨੂੰ “ਗੁਰੂ” ਅਤੇ “ਪ੍ਰਭੂ” ਕਹਿੰਦੇ ਹੋ ਅਤੇ ਇਹ ਠੀਕ ਹੈ, ਕਿਉਂਕਿ ਮੈਂ ਉਹੀ ਹਾਂ।
14 ਮੈਂ ਤੁਹਾਡਾ ਪ੍ਰਭੂ ਵੀ ਹਾਂ ਅਤੇ ਗੁਰੂ ਵੀ। ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗੂੰ ਧੋਤੇ ਹਨ, ਇਸ ਲਈ ਤੁਹਾਨੂੰ ਵੀ ਚਾਹੀਦਾ ਹੈ ਇੱਕ ਦੂਜੇ ਦੇ ਪੈਰ ਧੋਵੋ।
15 ਮੈਂ ਇਹ ਤੁਹਾਡੇ ਲਈ ਇੱਕ ਨਮੂਨਾ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸਕੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ।
16 ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੁੰਦਾ।
17 ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਮੁਬਾਰਕ ਹੋਵੋਂਗੇ।
18 “ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਆਖਦਾ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ। ਪਰ ਜੋ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੈ, ਪੂਰਾ ਹੋਣਾ ਚਾਹੀਦਾ ਹੈ: ਉਹ ਜਿਸ ਨੇ ਮੇਰੇ ਨਾਲ ਰੋਟੀ ਖਾਧੀ, ਉਸ ਨੇ ਮੇਰੇ ਵਿਰੁੱਧ ਆਪਣੀ ਲੱਤ ਚੁੱਕੀ ਹੈ।
19 ਮੈਂ ਇਹ ਸਭ ਕੁਝ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਹੁਣ ਦੱਸ ਰਿਹਾ ਹਾਂ। ਜਦੋਂ ਉਹ ਹੋਵੇਗਾ, ਤੁਸੀਂ ਵਿਸ਼ਵਾਸ ਕਰੋਂਗੇ ਕਿ ਮੈਂ ਓਹੀ ਹਾਂ।
20 ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰੇ ਭੇਜੇ ਹੋਏ ਮਨੁੱਖ ਨੂੰ ਕਬੂਲ ਕਰਦਾ, ਸੋ ਮੈਨੂੰ ਕਬੂਲ ਕਰਦਾ ਹੈ ਅਤੇ ਉਹ ਜੋ ਮੈਨੂੰ ਕਬੂਲ ਕਰਦਾ ਸੋ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।”
ਯਿਸੂ ਆਪਣੇ ਫੜਵਾਏ ਜਾਣ ਬਾਰੇ ਭਵਿੱਖਬਾਣੀ ਕਰਦਾ ਹੈ
ਮੱਤੀ 26:20-25; ਮਰਕੁਸ 14:17-21; ਲੂਕਾ 22:21-23
21 ਯਿਸੂ ਇਹ ਗੱਲਾਂ ਆਖਦੇ ਹੋਏ ਬੜਾ ਦੁੱਖੀ ਹੋਇਆ ਅਤੇ ਉਸ ਨੇ ਸਾਫ਼ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ।”
22 ਯਿਸੂ ਦੇ ਚੇਲੇ ਭਰਮ ਵਿੱਚ ਪੈ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਵੱਲ ਵੇਖਿਆ। ਉਨ੍ਹਾਂ ਨੂੰ ਇਹ ਸਮਝ ਨਾ ਆਇਆ ਕਿ ਯਿਸੂ ਕਿਸ ਮਨੁੱਖ ਦੇ ਬਾਰੇ ਗੱਲ ਕਰ ਰਿਹਾ ਸੀ।
23 ਉਨ੍ਹਾਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਯਿਸੂ ਦੀ ਛਾਤੀ ਨਾਲ ਢਾਸਣਾ ਲਾਈ ਹੋਈ ਸੀ।
24 ਇਸ ਲਈ ਸ਼ਮਊਨ ਪਤਰਸ ਨੇ ਯਿਸੂ ਤੋਂ ਇਹ ਪੁੱਛਣ ਲਈ ਇਸ਼ਾਰਾ ਕੀਤਾ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਿਹਾ ਸੀ।
25 ਉਹ ਚੇਲਾ ਯਿਸੂ ਦੇ ਹੋਰ ਨੇੜੇ ਹੋਇਆ ਅਤੇ ਉਸ ਨੂੰ ਪੁਛੱਣ ਲੱਗਾ, “ਹੇ ਪ੍ਰਭੂ, ਕੌਣ ਹੈ ਜੋ ਤੈਨੂੰ ਤੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ।”
26 ਯਿਸੂ ਨੇ ਆਖਿਆ, “ਜਿਸ ਲਈ ਮੈਂ ਰੋਟੀ ਕਟੋਰੇ ਵਿੱਚ ਡਬੋਵਾਂਗਾ ਅਤੇ ਉਸ ਨੂੰ ਦੇਵਾਂਗਾ ਉਹੀ ਇੱਕ ਹੈ ਜੋ ਮੈਨੂੰ ਮੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ।” ਸੋ ਯਿਸੂ ਨੇ ਰੋਟੀ ਲਈ ਕਟੋਰੇ ਵਿੱਚ ਡਬੋਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ।
27 ਜਿਵੇਂ ਹੀ ਯਹੂਦਾ ਨੇ ਰੋਟੀ ਲਈ ਸ਼ੈਤਾਨ ਉਸ ਵਿੱਚ ਵੜ ਗਿਆ। ਯਿਸੂ ਨੇ ਯਹੂਦਾ ਨੂੰ ਕਿਹਾ, “ਜੋ ਤੂੰ ਕਰਨਾ ਛੇਤੀ ਕਰ।”
28 ਮੇਜ਼ ਤੇ ਬੈਠਿਆਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਕੀ ਆਖ ਰਿਹਾ ਹੈ ਅਤੇ ਉਸ ਨੇ ਇਹ ਗੱਲ ਯਹੂਦਾ ਨੂੰ ਕਿਉਂ ਆਖੀ।
29 ਯਹੂਦਾ ਕੋਲ ਧਨ ਵਾਲੀ ਥੈਲੀ ਰਹਿੰਦੀ ਸੀ। ਉਨ੍ਹਾਂ ਵਿੱਚੋਂ ਕੁਝ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਉਹ ਚੀਜ਼ਾਂ ਖਰੀਦਣ ਲਈ ਕਿਹਾ ਹੈ, ਜਿਨ੍ਹਾਂ ਦੀ ਤਿਉਹਾਰ ਲਈ ਲੋੜ ਹੈ ਜਾਂ ਉਸ ਨੂੰ ਗਰੀਬਾਂ ਨੂੰ ਕੁਝ ਦੇਣ ਲਈ ਕਿਹਾ ਹੈ।
30 ਤਾਂ ਯਹੂਦਾ ਰੋਟੀ ਲੈ ਕੇ ਝੱਟ ਬਾਹਰ ਨਿੱਕਲ ਗਿਆ। ਇਹ ਰਾਤ ਦਾ ਸਮਾਂ ਸੀ।
ਨਵਾਂ ਹੁਕਮ
31 ਜਦੋਂ ਯਹੂਦਾ ਚਲਾ ਗਿਆ ਤਾਂ ਯਿਸੂ ਨੇ ਆਖਿਆ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਅਤੇ ਉਹ ਦੇ ਵਿੱਚ ਪਰਮੇਸ਼ੁਰ ਦੀ ਵਡਿਆਈ ਕੀਤੀ ਜਾਂਦੀ।
32 ਜੇਕਰ ਪਰਮੇਸ਼ੁਰ ਉਸ ਰਾਹੀਂ ਵਡਿਆਈ ਪ੍ਰਾਪਤ ਕਰਦਾ ਹੈ, ਤਾਂ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਹੀਂ ਵਡਿਆਈ ਦੇਵੇਗਾ ਅਤੇ ਉਹ ਜਲਦੀ ਹੀ ਉਸ ਨੂੰ ਵਡਿਆਈ ਦੇਵੇਗਾ।”
33 ਯਿਸੂ ਨੇ ਕਿਹਾ, “ਮੇਰੇ ਬੱਚਿਓ, ਮੈਂ ਹੋਰ ਥੋੜੀ ਦੇਰ ਤੁਹਾਡੇ ਕੋਲ ਰਹਾਂਗਾ। ਫੇਰ ਤੁਸੀਂ ਮੈਨੂੰ ਲੱਭੋਗੇ, ਪਰ ਜਿਵੇਂ ਕਿ ਮੈਂ ਯਹੂਦੀਆਂ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ।
34 ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ। ਉਹ ਇਹ ਹੈ, ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ।
35 ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਂਗੇ ਤਾਂ ਸਾਰੇ ਲੋਕ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ।”
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
ਮੱਤੀ 26:31-35; ਮਰਕੁਸ 14:27-31; ਲੂਕਾ 22:31-34
36 ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ?” ਯਿਸੂ ਨੇ ਆਖਿਆ, “ਜਿੱਥੇ ਮੈਂ ਜਾਂਦਾ ਹਾਂ ਉੱਥੇ ਹੁਣ ਤੂੰ ਮੇਰੇ ਮਗਰ ਨਹੀਂ ਆ ਸਕਦਾ ਪਰ ਬਾਅਦ ਵਿੱਚ ਤੂੰ ਆ ਜਾਵੇਗਾ।”
37 ਪਤਰਸ ਨੇ ਕਿਹਾ, “ਪ੍ਰਭੂ ਜੀ ਹੁਣ ਮੈਂ ਤੇਰੇ ਮਗਰ ਕਿਉਂ ਨਹੀਂ ਆ ਸਕਦਾ? ਮੈਂ ਤੇਰੇ ਲਈ ਜਾਨ ਦੇਣ ਨੂੰ ਤਿਆਰ ਹਾਂ।”
38 ਯਿਸੂ ਨੇ ਆਖਿਆ, “ਕੀ ਤੂੰ ਮੇਰੇ ਲਈ ਆਪਣੀ ਜਾਨ ਦੇਵੇਂਗਾ? ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿੰਨੀ ਦੇਰ ਤੱਕ ਤੂੰ ਤਿੰਨ ਵਾਰੀ ਮੇਰਾ ਇੰਨਕਾਰ ਨਾ ਕਰੇਂ ਕੁੱਕੜ ਬਾਂਗ ਨਹੀਂ ਦੇਵੇਗਾ।”