63
ਕੌਮਾਂ ਉੱਤੇ ਪ੍ਰਭੂ ਦੀ ਜਿੱਤ
1 ਇਹ ਕੌਣ ਹੈ ਜੋ ਅਦੋਮ ਦੇਸ ਦੇ ਬਾਸਰਾਹ ਨਗਰ ਤੋਂ ਲਾਲ ਬਸਤਰ ਪਾ ਕੇ ਤੁਰਿਆ ਆਉਂਦਾ ਹੈ? ਇਹ ਕੌਣ ਹੈ ਜੋ ਪਰਤਾਪ ਦਾ ਲਿਬਾਸ ਪਹਿਨੇ ਹੋਏ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਆਉਂਦਾ ਹੈ?
ਇਹ ਮੈਂ ਹਾਂ, ਜੋ ਧਰਮ ਨਾਲ ਬੋਲਦਾ, ਅਤੇ ਬਚਾਉਣ ਲਈ ਸਮਰੱਥੀ ਹਾਂ।
2 ਤੇਰਾ ਲਿਬਾਸ ਲਾਲ ਕਿਉਂ ਹੈ, ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?
3 ਮੈਂ ਇਕੱਲੇ ਹੀ ਦਾਖਾਂ ਦੇ ਹੌਦ ਵਿੱਚ ਲਤਾੜਿਆ, ਅਤੇ ਦੇਸ਼-ਦੇਸ਼ ਦੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ। ਹਾਂ, ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ!
4 ਕਿਉਂ ਜੋ ਬਦਲਾ ਲੈਣ ਦਾ ਦਿਨ ਮੇਰੇ ਦਿਲ ਵਿੱਚ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਸਾਲ ਆ ਗਿਆ ਹੈ।
5 ਮੈਂ ਨਿਗਾਹ ਕੀਤੀ ਪਰ ਕੋਈ ਸਹਾਇਕ ਨਹੀਂ ਸੀ, ਮੈਂ ਦੰਗ ਰਹਿ ਗਿਆ ਕਿ ਕੋਈ ਸੰਭਾਲਣ ਵਾਲਾ ਨਹੀਂ ਸੀ। ਤਦ ਮੈਂ ਆਪਣੀ ਹੀ ਬਾਂਹ ਨਾਲ ਬਚਾਉਣ ਦਾ ਕੰਮ ਕੀਤਾ, ਅਤੇ ਮੇਰੇ ਗੁੱਸੇ ਨੇ ਹੀ ਮੈਨੂੰ ਸੰਭਾਲਿਆ।
6 ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਲਤਾੜਿਆ, ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਤਵਾਲੇ ਕੀਤਾ, ਅਤੇ ਉਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ।
ਇਸਰਾਏਲ ਨਾਲ ਕੀਤੀ ਗਈ ਭਲਿਆਈ
7 ਉਹਨਾਂ ਸਾਰੇ ਉਪਕਾਰਾਂ ਲਈ ਜੋ ਯਹੋਵਾਹ ਨੇ ਸਾਡੇ ਉੱਤੇ ਕੀਤੇ, ਨਾਲੇ ਇਸਰਾਏਲ ਦੇ ਘਰਾਣੇ ਉੱਤੇ ਉਸ ਵੱਡੀ ਭਲਿਆਈ ਲਈ ਜਿਸ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਉਹਨਾਂ ਨੂੰ ਬਖ਼ਸ਼ ਦਿੱਤਾ, ਮੈਂ ਯਹੋਵਾਹ ਦੀ ਦਯਾ ਦਾ ਵਰਣਨ ਕਰਾਂਗਾ ਅਤੇ ਉਸ ਦੀ ਉਸਤਤ ਕਰਾਂਗਾ।
8 ਉਸ ਨੇ ਆਖਿਆ, ਸੱਚ-ਮੁੱਚ ਇਹ ਮੇਰੀ ਪਰਜਾ ਹੈ, ਅਜਿਹੇ ਪੁੱਤਰ ਜੋ ਧੋਖਾ ਨਾ ਦੇਣਗੇ, ਇਸ ਲਈ ਉਹ ਉਹਨਾਂ ਦਾ ਬਚਾਉਣ ਵਾਲਾ ਹੋਇਆ।
9 ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ, ਉਸ ਨੇ ਆਪਣੇ ਪ੍ਰੇਮ ਅਤੇ ਆਪਣੇ ਤਰਸ ਵਿੱਚ ਉਹਨਾਂ ਨੂੰ ਛੁਡਾਇਆ, ਉਹ ਉਹਨਾਂ ਨੂੰ ਸਾਰੇ ਪ੍ਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।
10 ਪਰ ਉਹ ਵਿਦਰੋਹੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਦੁਖੀ ਕੀਤਾ, ਇਸ ਕਾਰਨ ਉਹ ਉਲਟਾ ਉਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਉਹਨਾਂ ਨਾਲ ਲੜਿਆ।
11 ਤਦ ਉਹ ਦੀ ਪਰਜਾ ਨੇ ਮੂਸਾ ਦੇ ਪ੍ਰਾਚੀਨ ਦਿਨਾਂ ਨੂੰ ਯਾਦ ਕੀਤਾ ਅਤੇ ਆਖਣ ਲੱਗੇ, - ਉਹ ਕਿੱਥੇ ਹੈ ਜੋ ਉਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਨੂੰ ਉਹਨਾਂ ਦੇ ਅਯਾਲੀ ਸਮੇਤ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ?
12 ਜਿਸ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਦੇ ਨਾਲ ਕਰ ਦਿੱਤਾ? ਜਿਸ ਨੇ ਉਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?
13 ਜਿਸ ਨੇ ਡੁੰਘਿਆਈਆਂ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ? ਜਿਵੇਂ ਘੋੜਾ ਉਜਾੜ ਵਿੱਚ, ਤਿਵੇਂ ਉਹਨਾਂ ਨੇ ਠੋਕਰ ਨਾ ਖਾਧੀ।
14 ਜਿਵੇਂ ਪਸ਼ੂ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਉਹਨਾਂ ਨੂੰ ਅਰਾਮ ਦਿੱਤਾ। ਤੂੰ ਇਸੇ ਤਰ੍ਹਾਂ ਆਪਣੀ ਪਰਜਾ ਦੀ ਅਗਵਾਈ ਕੀਤੀ, ਤਾਂ ਜੋ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ।
ਦਯਾ ਅਤੇ ਸਹਾਇਤਾ ਲਈ ਪ੍ਰਾਰਥਨਾ
15 ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।
16 ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕ ਕਾਲ ਤੋਂ ਹੈਂ।
17 ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ।
18 ਥੋੜ੍ਹੇ ਸਮੇਂ ਲਈ ਹੀ ਤੇਰੀ ਪਵਿੱਤਰ ਪਰਜਾ ਨੇ ਤੇਰੇ ਪਵਿੱਤਰ ਅਸਥਾਨ ਨੂੰ ਆਪਣੇ ਅਧਿਕਾਰ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ।
19 ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ।