6
ਸੇਵਾ ਦੇ ਲਈ ਯਸਾਯਾਹ ਦੀ ਬੁਲਾਹਟ
1 ਉੱਜ਼ੀਯਾਹ ਰਾਜਾ ਦੀ ਮੌਤ ਦੇ ਸਾਲ ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ।
2 ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਆਪਣੇ ਪੈਰ ਢੱਕਦੇ ਅਤੇ ਦੋ ਨਾਲ ਉੱਡਦੇ ਸਨ।
3 ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਆਖਦੇ ਸਨ, - “ਸੈਨਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।”
4 ਅਤੇ ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।
5 ਤਦ ਮੈਂ ਆਖਿਆ, ਹਾਏ ਮੇਰੇ ਉੱਤੇ! ਮੈਂ ਤਾਂ ਨਾਸ ਹੋ ਗਿਆ! ਮੈਂ ਤਾਂ ਭਰਿਸ਼ਟ ਬੁੱਲ੍ਹਾਂ ਵਾਲਾ ਮਨੁੱਖ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਮਹਾਰਾਜਾ ਅਧੀਰਾਜ ਨੂੰ ਵੇਖਿਆ ਹੈ!
6 ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ।
7 ਤਦ ਉਸ ਨੇ ਇਹ ਆਖ ਕੇ ਮੇਰੇ ਮੂੰਹ ਨੂੰ ਛੂਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੂਹਿਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ।
8 ਫੇਰ ਮੈਂ ਪ੍ਰਭੂ ਦੀ ਅਵਾਜ਼ ਇਹ ਆਖਦੇ ਹੋਏ ਸੁਣੀ, ਮੈਂ ਕਿਸਨੂੰ ਭੇਜਾਂ ਅਤੇ ਕੌਣ ਸਾਡੇ ਲਈ ਜਾਵੇਗਾ? ਤਦ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ।
9 ਉਸ ਨੇ ਆਖਿਆ, ਜਾ ਅਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਅਤੇ ਵੇਖਦੇ ਰਹੋ ਪਰ ਬੁੱਝੋ ਨਾ,
10 ਇਸ ਪਰਜਾ ਦਾ ਮਨ ਮੋਟਾ, ਅਤੇ ਇਸ ਦੇ ਕੰਨ ਭਾਰੇ ਕਰ ਦੇ, ਅਤੇ ਇਸ ਦੀਆਂ ਅੱਖਾਂ ਬੰਦ ਕਰ, ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਅਤੇ ਚੰਗੇ ਹੋ ਜਾਣ।
11 ਤਦ ਮੈਂ ਪੁੱਛਿਆ, ਹੇ ਪ੍ਰਭੂ ਕਦੋਂ ਤੱਕ? ਉਸ ਨੇ ਆਖਿਆ, ਜਦ ਤੱਕ ਸ਼ਹਿਰ ਵਿਰਾਨ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ, ਅਤੇ ਜ਼ਮੀਨ ਪੂਰੀ ਹੀ ਉਜੜ ਨਾ ਜਾਵੇ।
12 ਜਦ ਤੱਕ ਯਹੋਵਾਹ ਮਨੁੱਖਾਂ ਨੂੰ ਦੂਰ ਨਾ ਕਰ ਦੇਵੇ, ਅਤੇ ਦੇਸ ਵਿੱਚ ਬਹੁਤੇ ਸਥਾਨ ਸੁਨਸਾਨ ਨਾ ਹੋ ਜਾਣ।
13 ਭਾਵੇਂ ਉਸ ਦੇ ਵਾਸੀਆਂ ਦਾ ਦਸਵਾਂ ਹਿੱਸਾ ਹੀ ਰਹੇ, ਉਹ ਮੁੜ ਭਸਮ ਹੋਵੇਗਾ, ਪਰ ਜਿਵੇਂ ਚੀਲ ਜਾਂ ਬਲੂਤ ਦੇ ਰੁੱਖ ਜਦ ਉਹ ਵੱਢੇ ਜਾਂਦੇ ਹਨ, ਤਾਂ ਉਨ੍ਹਾਂ ਦਾ ਟੁੰਡ ਖੜ੍ਹਾ ਰਹਿੰਦਾ ਹੈ। ਉਸੇ ਤਰ੍ਹਾਂ ਹੀ ਪਵਿੱਤਰ ਵੰਸ਼ ਉਹ ਦਾ ਟੁੰਡ ਹੈ।