35
ਪਵਿੱਤਰਤਾ ਦਾ ਮਾਰਗ
1 ਉਜਾੜ ਅਤੇ ਥਲ ਦੇਸ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ-ਬਾਗ ਹੋਵੇਗਾ, ਅਤੇ ਨਰਗਸ ਵਾਂਗੂੰ ਖਿੜੇਗਾ।
2 ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਤੇ ਜੈਕਾਰਿਆਂ ਨਾਲ ਬਾਗ-ਬਾਗ ਹੋਵੇਗਾ, ਲਬਾਨੋਨ ਦੀ ਸ਼ੋਭਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ ਉਹ ਨੂੰ ਦਿੱਤੀ ਜਾਵੇਗੀ, ਉਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।
3 ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ!
4 ਘਬਰਾਉਂਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਉਹ ਬਦਲਾ ਲੈਣ ਲਈ, ਅਤੇ ਫਲ ਦੇਣ ਲਈ ਆ ਰਿਹਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ।
5 ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ।
6 ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।
7 ਤੱਪਦੀ ਰੇਤ ਤਲਾਬ ਬਣ ਜਾਵੇਗੀ, ਅਤੇ ਤਿਹਾਈ ਜ਼ਮੀਨ ਪਾਣੀ ਦੇ ਸੁੰਬ। ਜਿਹੜੇ ਟਿਕਾਣਿਆਂ ਵਿੱਚ ਗਿੱਦੜ ਬੈਠਦੇ ਸਨ, ਉੱਥੇ ਘਾਹ, ਕਾਨੇ ਅਤੇ ਦਬ ਹੋਣਗੇ।
8 ਉੱਥੇ ਇੱਕ ਸ਼ਾਹੀ ਮਾਰਗ ਹੋਵੇਗਾ, ਅਤੇ ਉਹ ਮਾਰਗ “ਪਵਿੱਤਰ ਮਾਰਗ” ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਮਾਰਗ ਛੁਡਾਏ ਹੋਇਆਂ ਦੇ ਲਈ ਹੋਵੇਗਾ। ਉਸ ਉੱਤੇ ਚੱਲਣ ਵਾਲੇ ਭਾਵੇਂ ਮੂਰਖ ਹੋਣ, ਤਾਂ ਵੀ ਕੁਰਾਹੇ ਨਾ ਪੈਣਗੇ।
9 ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਜਾਨਵਰ ਉਸ ਉੱਤੇ ਨਾ ਚੜ੍ਹੇਗਾ, ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਹਮੇਸ਼ਾ ਚੱਲਣਗੇ।
10 ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਉਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਸਦੀਪਕ ਅਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹਾਉਂਕੇ ਉੱਥੋਂ ਨੱਠ ਜਾਣਗੇ।