27
1 ਉਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ।
2 ਉਸ ਦਿਨ ਇੱਕ ਸੋਹਣੇ ਫਲਦਾਰ ਅੰਗੂਰੀ ਬਾਗ਼, ਲਈ ਮਿੱਠਾ ਗੀਤ ਗਾਇਓ!
3 ਮੈਂ ਯਹੋਵਾਹ ਉਹ ਦਾ ਰਾਖ਼ਾ ਹਾਂ, ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਕੋਈ ਉਹ ਦਾ ਨੁਕਸਾਨ ਕਰੇ, ਮੈਂ ਰਾਤ-ਦਿਨ ਉਹ ਦੀ ਰਾਖੀ ਕਰਾਂਗਾ।
4 ਮੈਨੂੰ ਗੁੱਸਾ ਨਹੀਂ। ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।
5 ਜਾਂ ਉਹ ਮੇਰੀ ਓਟ ਨੂੰ ਤਕੜੇ ਹੋ ਕੇ ਫੜ੍ਹਨ, ਉਹ ਮੇਰੇ ਨਾਲ ਸੁਲਾਹ ਕਰਨ, ਹਾਂ, ਮੇਰੇ ਨਾਲ ਸੁਲਾਹ ਕਰਨ।
6 ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜ੍ਹੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ, ਅਤੇ ਜਗਤ ਨੂੰ ਫਲ ਨਾਲ ਭਰ ਦੇਵੇਗਾ।
7 ਕੀ ਉਸ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ? ਜਾਂ ਕੀ ਉਹ ਉਸ ਤਰ੍ਹਾਂ ਵੱਢੇ ਗਏ, ਜਿਵੇਂ ਉਹਨਾਂ ਦੇ ਵੱਢਣ ਵਾਲੇ ਵੱਢੇ ਗਏ?
8 ਜਦ ਤੂੰ ਉਹਨਾਂ ਨੂੰ ਕੱਢਿਆ ਤਾਂ ਤੂੰ ਗਿਣ-ਗਿਣ ਕੇ ਉਹਨਾਂ ਨੂੰ ਦੁੱਖ ਦਿੱਤਾ, ਉਹ ਨੇ ਉਹਨਾਂ ਨੂੰ ਪੂਰਬੀ ਹਵਾ ਦੇ ਦਿਨ ਵਿੱਚ ਆਪਣੀ ਤੇਜ਼ ਹਨੇਰੀ ਨਾਲ ਉਡਾ ਦਿੱਤਾ।
9 ਇਸ ਲਈ ਇਹ ਦੇ ਨਾਲ ਯਾਕੂਬ ਦੀ ਬਦੀ ਦਾ ਪ੍ਰਾਸਚਿਤ ਹੋਵੇਗਾ, ਅਤੇ ਉਹ ਦੇ ਪਾਪ ਦੇ ਦੂਰ ਹੋਣ ਦਾ ਸਾਰਾ ਫਲ ਹੋਵੇਗਾ ਕਿ ਉਹ ਜਗਵੇਦੀ ਦੇ ਸਾਰੇ ਪੱਥਰ ਚੂਰ-ਚੂਰ ਕੀਤੇ ਹੋਏ ਚੂਨੇ ਦੇ ਪੱਥਰਾਂ ਵਾਂਗੂੰ ਕਰਨਗੇ, ਅਤੇ ਨਾ ਅਸ਼ੇਰਾਹ ਦੀਆਂ ਮੂਰਤਾਂ ਨਾ ਸੂਰਜ ਥੰਮ੍ਹ ਖੜ੍ਹੇ ਰਹਿਣਗੇ।
10 ਗੜ੍ਹ ਵਾਲਾ ਸ਼ਹਿਰ ਤਾਂ ਸੁਨਸਾਨ ਹੈ, ਉਹ ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ, - ਉੱਥੇ ਵੱਛਾ ਚਰੇਗਾ, ਉੱਥੇ ਉਹ ਬੈਠੇਗਾ ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।
11 ਜਦ ਉਹ ਦੇ ਟਹਿਣੇ ਸੁੱਕ ਜਾਣ ਤਾਂ ਉਹ ਤੋੜੇ ਜਾਣਗੇ, ਔਰਤਾਂ ਆ ਕੇ ਉਹਨਾਂ ਨੂੰ ਅੱਗ ਲਾਉਣਗੀਆਂ। ਉਹ ਤਾਂ ਬੁੱਧਹੀਣ ਲੋਕ ਹਨ, ਇਸ ਲਈ ਉਹਨਾਂ ਦਾ ਕਰਤਾ ਉਹਨਾਂ ਉੱਤੇ ਰਹਮ ਨਾ ਕਰੇਗਾ, ਨਾ ਉਹਨਾਂ ਦਾ ਰਚਣ ਵਾਲਾ ਉਹਨਾਂ ਉੱਤੇ ਕਿਰਪਾ ਕਰੇਗਾ।
12 ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਦਰਿਆ ਦੇ ਵਹਾ ਤੋਂ ਲੈ ਕੇ ਮਿਸਰ ਦੇ ਨਾਲੇ ਤੱਕ ਆਪਣਾ ਅੰਨ ਝਾੜ ਦੇਵੇਗਾ, ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ।
13 ਉਸ ਦਿਨ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਨਾਸ ਹੋਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਜ਼ਬਰਦਸਤੀ ਭੇਜੇ ਗਏ ਸਨ, ਉਹ ਆਉਣਗੇ, ਅਤੇ ਯਰੂਸ਼ਲਮ ਵਿੱਚ ਪਵਿੱਤਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ।