14
ਗੁਲਾਮੀ ਵਿੱਚੋਂ ਮੁੜਨਾ
1 ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ ਅਤੇ ਇਸਰਾਏਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਓਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ।
2 ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਦਾਸ ਅਤੇ ਦਾਸੀਆਂ ਕਰ ਕੇ ਯਹੋਵਾਹ ਦੀ ਭੂਮੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।
ਬਾਬਲ ਦੇ ਰਾਜੇ ਦਾ ਪਤਨ
3 ਜਿਸ ਦਿਨ ਯਹੋਵਾਹ ਤੈਨੂੰ ਤੇਰੀ ਪੀੜ ਤੋਂ ਅਤੇ ਤੇਰੀ ਤਕਲੀਫ਼ ਤੋਂ ਅਤੇ ਉਸ ਔਖੀ ਟਹਿਲ ਤੋਂ ਜਿਸ ਦੇ ਨਾਲ ਤੇਰੇ ਤੋਂ ਟਹਿਲ ਕਰਾਈ ਗਈ ਤੈਨੂੰ ਅਰਾਮ ਦੇਵੇ,
4 ਤਾਂ ਤੂੰ ਬਾਬਲ ਦੇ ਰਾਜੇ ਦੇ ਵਿਰੁੱਧ ਇਹ ਬੋਲੀ ਮਾਰੀਂ ਅਤੇ ਆਖੀਂ - ਦੁੱਖ ਦੇਣ ਵਾਲਾ ਕਿਵੇਂ ਮੁੱਕ ਗਿਆ, ਅਤੇ ਸੁਨਹਿਰਾ ਸਥਾਨ ਕਿਵੇਂ ਨਖੁੱਟ ਗਿਆ!
5 ਯਹੋਵਾਹ ਨੇ ਦੁਸ਼ਟਾਂ ਦੀ ਲਾਠੀ, ਅਤੇ ਹਾਕਮਾਂ ਦਾ ਆੱਸਾ ਭੰਨ ਸੁੱਟਿਆ,
6 ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।
7 ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।
8 ਸਰੂ ਵੀ ਤੇਰੇ ਉੱਤੇ ਅਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ, - ਜਦੋਂ ਦਾ ਤੂੰ ਡਿੱਗਿਆ, ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ।
9 ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ, ਕਿ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਮੁਰਦਿਆਂ ਨੂੰ, ਅਰਥਾਤ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਖੜ੍ਹਾ ਕਰ ਦਿੱਤਾ ਹੈ।
10 ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗੂੰ ਨਿਰਬਲ ਕੀਤਾ ਗਿਆ ਹੈਂ! ਤੂੰ ਸਾਡੇ ਵਾਂਗੂੰ ਹੋ ਗਿਆ ਹੈਂ!
11 ਤੇਰੀ ਚਮਕ-ਦਮਕ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ।
12 ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜ਼ਰ ਦੇ ਪੁੱਤਰ! ਤੂੰ ਕਿਵੇਂ ਧਰਤੀ ਤੱਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ!
13 ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਕਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ।
14 ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਂਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!
15 ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੁੰਘਿਆਈ ਤੱਕ ਹੇਠਾਂ ਲਾਹਿਆ ਜਾਵੇਂਗਾ।
16 ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਉਹ ਤੇਰੇ ਉੱਤੇ ਗੌਰ ਕਰਨਗੇ, ਭਲਾ, ਇਹ ਉਹ ਮਨੁੱਖ ਹੈ ਜਿਸ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਰਾਜਾਂ ਨੂੰ ਹਿਲਾ ਦਿੱਤਾ?
17 ਜਿਸ ਨੇ ਜਗਤ ਉਜਾੜ ਜਿਹਾ ਕਰ ਦਿੱਤਾ, ਅਤੇ ਉਸ ਦੇ ਸ਼ਹਿਰ ਢਾਹ ਸੁੱਟੇ? ਜਿਸ ਨੇ ਆਪਣੇ ਕੈਦੀਆਂ ਨੂੰ ਘਰੀਂ ਨਾ ਜਾਣ ਦਿੱਤਾ?
18 ਕੌਮਾਂ ਦੇ ਸਾਰੇ ਰਾਜੇ, ਹਾਂ, ਸਾਰਿਆਂ ਦੇ ਸਾਰੇ, ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ।
19 ਪਰ ਤੂੰ ਘਿਣਾਉਣੀ ਟਹਿਣੀ ਵਾਂਗੂੰ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ, ਤੂੰ ਵੱਢਿਆਂ ਹੋਇਆਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਗਏ, ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ, ਉਸ ਲੋਥ ਵਾਂਗੂੰ ਜਿਹੜੀ ਮਿੱਧੀ ਗਈ ਹੋਵੇ।
20 ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੂੰ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੂੰ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ! ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।
21 ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ, ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਉਹ ਉੱਠ ਕੇ ਦੇਸ ਉੱਤੇ ਕਬਜ਼ਾ ਕਰ ਲੈਣ, ਅਤੇ ਜਗਤ ਨੂੰ ਸ਼ਹਿਰਾਂ ਨਾਲ ਭਰ ਦੇਣ।
ਪਰਮੇਸ਼ੁਰ ਬਾਬਲ ਦਾ ਨਾਸ ਕਰੇਗਾ
22 ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਬਾਬਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ ਅਤੇ ਉਹ ਦੇ ਪੁੱਤਰ-ਪੋਤਰੇ ਨਸ਼ਟ ਕਰ ਦਿਆਂਗਾ, ਇਹ ਯਹੋਵਾਹ ਦਾ ਵਾਕ ਹੈ।
23 ਮੈਂ ਉਹ ਨੂੰ ਕੰਡੈਲੇ ਦੀ ਮੀਰਾਸ, ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ, ਅਤੇ ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
ਪਰਮੇਸ਼ੁਰ ਅੱਸ਼ੂਰੀਆਂ ਦਾ ਨਾਸ ਕਰੇਗਾ
24 ਸੈਨਾਂ ਦੇ ਯਹੋਵਾਹ ਨੇ ਸਹੁੰ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਯੋਜਨਾ ਬਣਾਈ, ਤਿਵੇਂ ਉਹ ਕਾਇਮ ਰਹੇਗੀ,
25 ਜੋ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਪੀਹ ਸੁੱਟਾਂਗਾ, ਅਤੇ ਆਪਣੇ ਪਰਬਤ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਉਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਉਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ।
26 ਇਹ ਉਹ ਯੋਜਨਾ ਹੈ ਜਿਹੜੀ ਸਾਰੀ ਧਰਤੀ ਲਈ ਮਿੱਥੀ ਗਈ ਹੈ, ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।
27 ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?
ਪਰਮੇਸ਼ੁਰ ਫ਼ਲਿਸਤੀਆਂ ਦਾ ਨਾਸ ਕਰੇਗਾ
28 ਆਹਾਜ਼ ਰਾਜੇ ਦੀ ਮੌਤ ਦੇ ਸਾਲ ਇਹ ਅਗੰਮ ਵਾਕ ਹੋਇਆ,
29 ਹੇ ਫ਼ਲਿਸਤੀਓ, ਤੁਸੀਂ ਇਸ ਲਈ ਅਨੰਦ ਨਾ ਹੋਵੋ, ਕਿ ਤੁਹਾਨੂੰ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ, ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।
30 ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ, ਪਰ ਮੈਂ ਤੁਹਾਡੀ ਜੜ੍ਹ ਕਾਲ ਨਾਲ ਮਾਰ ਦਿਆਂਗਾ, ਅਤੇ ਤੇਰੇ ਬਚੇ ਹੋਏ ਵੱਢੇ ਜਾਣਗੇ।
31 ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਫ਼ਲਿਸਤ, ਤੂੰ ਸਾਰੇ ਦਾ ਸਾਰਾ ਪਿਘਲ ਜਾ! ਕਿਉਂ ਜੋ ਉੱਤਰ ਵੱਲੋਂ ਇੱਕ ਧੂੰਆਂ ਆਉਂਦਾ ਹੈ, ਅਤੇ ਉਹ ਦੀਆਂ ਕਤਾਰਾਂ ਵਿੱਚ ਕੋਈ ਢਿੱਲਾ-ਮੱਠਾ ਨਹੀਂ।
32 ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ? ਇਹ ਕਿ ਯਹੋਵਾਹ ਨੇ ਸੀਯੋਨ ਦੀ ਨੀਂਹ ਰੱਖੀ ਹੈ, ਅਤੇ ਉਹ ਦੇ ਵਿੱਚ ਪਰਜਾ ਦੇ ਦੁਖਿਆਰੇ ਪਨਾਹ ਲੈਣਗੇ।