8
ਯਿਸੂ ਸਾਡਾ ਮਹਾਂ ਜਾਜਕ
1 ਹੁਣ ਜਿਹੜੀਆਂ ਗੱਲਾਂ ਅਸੀਂ ਆਖਦੇ ਹਾਂ ਉਨ੍ਹਾਂ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਸਵਰਗ ਉੱਤੇ ਅੱਤ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੈ।
2 ਉਹ ਪਵਿੱਤਰ ਸਥਾਨ ਦਾ ਅਤੇ ਉਸ ਡੇਰੇ ਦਾ ਸੇਵਕ ਹੈ ਜਿਸ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੂ ਨੇ ਖੜ੍ਹਾ ਕੀਤਾ।
3 ਹਰੇਕ ਪ੍ਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਠਹਿਰਾਇਆ ਜਾਂਦਾ ਹੈ, ਇਸ ਕਾਰਨ ਜ਼ਰੂਰੀ ਸੀ ਕਿ ਇਹ ਦੇ ਕੋਲ ਵੀ ਚੜ੍ਹਾਉਣ ਨੂੰ ਕੁਝ ਹੋਵੇ।
4 ਜੇ ਉਹ ਧਰਤੀ ਉੱਤੇ ਹੁੰਦਾ ਤਾਂ ਉਹ ਕਦੇ ਵੀ ਜਾਜਕ ਨਾ ਹੁੰਦਾ, ਕਿਉਂਕਿ ਬਿਵਸਥਾ ਦੇ ਅਨੁਸਾਰ ਭੇਟਾਂ ਚੜ੍ਹਾਉਣ ਵਾਲੇ ਇੱਥੇ ਹਨ।
5 ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਹਨ ਜਿਵੇਂ ਮੂਸਾ ਨੂੰ ਜਦੋਂ ਉਹ ਡੇਰਾ ਬਣਾਉਣ ਲੱਗਾ ਤਾਂ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਕਿ ਵੇਖ, ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਈਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਗਿਆ ਸੀ।
6 ਪਰ ਹੁਣ ਮਸੀਹ ਨੂੰ ਹੋਰ ਵੀ ਚੰਗੀ ਸੇਵਕਾਈ ਮਿਲੀ ਕਿਉਂਕਿ ਉਹ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਵਾਇਦਿਆਂ ਉੱਤੇ ਬੰਨ੍ਹਿਆ ਹੋਇਆ ਹੈ।
7 ਪਰ ਜੇ ਉਹ ਪਹਿਲਾ ਨੇਮ ਬੇਦੋਸ਼ ਹੁੰਦਾ ਤਾਂ ਦੂਜੇ ਲਈ ਥਾਂ ਨਾ ਲੱਭੀ ਜਾਂਦੀ।
8 ਕਿਉਂ ਜੋ ਉਹ ਉਨ੍ਹਾਂ ਉੱਤੇ ਦੋਸ਼ ਲਾ ਕੇ ਕਹਿੰਦਾ ਹੈ ਕਿ ਵੇਖੋ, ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ,
9 ਉਸ ਨੇਮ ਵਾਂਗੂੰ ਨਹੀਂ, ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਉਸ ਦਿਨ ਬੰਨ੍ਹਿਆ ਸੀ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਉਹ ਤਾਂ ਮੇਰੇ ਨਾਮ ਉੱਤੇ ਕਾਇਮ ਨਾ ਰਹੇ, ਅਤੇ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ, ਪ੍ਰਭੂ ਆਖਦਾ ਹੈ।
10 ਇਹ ਉਹ ਨੇਮ ਹੈ ਜਿਹੜਾ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ।
11 ਹਰ ਕੋਈ ਆਪਣੇ ਦੇਸ ਵਾਲਿਆਂ ਨੂੰ ਅਤੇ ਆਪਣੇ ਭਾਈ ਨੂੰ ਨਹੀਂ ਸਿਖਾਵੇਗਾ, ਕਿ ਤੁਸੀਂ ਪ੍ਰਭੂ ਨੂੰ ਜਾਣੋ, ਕਿਉਂ ਜੋ ਸਾਰੇ ਮੈਨੂੰ ਜਾਨਣਗੇ, ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ।
12 ਮੈਂ ਤਾਂ ਉਹਨਾਂ ਦੇ ਕੁਧਰਮਾਂ ਉੱਤੇ ਤਰਸਵਾਨ ਹੋਵਾਂਗਾ, ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।
13 ਜਦੋਂ ਉਹ ਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ। ਪਰ ਜੋ ਕੁਝ ਪੁਰਾਣਾ ਹੋਇਆ ਅਤੇ ਬਹੁਤ ਸਮੇਂ ਤੋਂ ਹੈ ਉਹ ਅਲੋਪ ਹੋਣ ਦੇ ਨੇੜੇ ਹੈ।