24
ਇਸਹਾਕ ਦਾ ਵਿਆਹ
1 ਹੁਣ ਅਬਰਾਹਾਮ ਬਹੁਤ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਸੀ ਅਤੇ ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।
2 ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ, ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖ਼ਤਿਆਰ ਸੀ ਆਖਿਆ, ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ;
3 ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸਹੁੰ ਦੇਵਾਂ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਪਤਨੀ ਨਾ ਲਿਆਵੀਂ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ।
4 ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈਂ ਅਤੇ ਮੇਰੇ ਪੁੱਤਰ ਇਸਹਾਕ ਲਈ ਪਤਨੀ ਲੈ ਆਵੀਂ।
5 ਤਦ ਉਸ ਨੌਕਰ ਨੇ ਉਹ ਨੂੰ ਆਖਿਆ, ਸ਼ਾਇਦ ਉਹ ਇਸਤਰੀ ਮੇਰੇ ਨਾਲ ਇਸ ਦੇਸ਼ ਵਿੱਚ ਆਉਣਾ ਨਾ ਚਾਹੇ, ਤਾਂ ਕੀ ਮੈਂ ਤੇਰੇ ਪੁੱਤਰ ਨੂੰ ਉਸ ਦੇਸ਼ ਨੂੰ ਵਾਪਿਸ ਲੈ ਜਾਂਵਾਂ ਜਿੱਥੋਂ ਤੂੰ ਆਇਆ ਹੈਂ?
6 ਅਬਰਾਹਾਮ ਨੇ ਉਸ ਨੂੰ ਆਖਿਆ, ਖ਼ਬਰਦਾਰ, ਮੇਰੇ ਪੁੱਤਰ ਨੂੰ ਕਦੇ ਵੀ ਉਸ ਦੇਸ਼ ਵਿੱਚ ਨਾ ਲੈ ਜਾਵੀਂ।
7 ਸਵਰਗ ਦਾ ਪਰਮੇਸ਼ੁਰ ਯਹੋਵਾਹ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਤੇ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ, ਜੋ ਮੇਰੇ ਨਾਲ ਬੋਲਿਆ ਅਤੇ ਮੇਰੇ ਨਾਲ ਸਹੁੰ ਖਾ ਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਦੇਸ਼ ਦਿਆਂਗਾ। ਉਹ ਹੀ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੇਂਗਾ।
8 ਅਤੇ ਜੇ ਉਹ ਇਸਤਰੀ ਤੇਰੇ ਨਾਲ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਛੁੱਟ ਜਾਵੇਂਗਾ। ਪਰ ਮੇਰੇ ਪੁੱਤਰ ਨੂੰ ਉੱਥੇ ਕਦੀ ਨਾ ਲੈ ਜਾਵੀਂ।
9 ਤਦ ਉਸ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਹੇਠ ਰੱਖ ਕੇ ਉਹ ਦੇ ਨਾਲ ਇਸ ਗੱਲ ਦੀ ਸਹੁੰ ਖਾਧੀ।
10 ਉਪਰੰਤ ਉਹ ਨੌਕਰ ਆਪਣੇ ਸੁਆਮੀ ਦੇ ਊਠਾਂ ਵਿੱਚੋਂ ਦਸ ਊਠ ਲੈ ਕੇ ਤੁਰ ਪਿਆ, ਉਹ ਆਪਣੇ ਨਾਲ ਉੱਤਮ ਪਦਾਰਥਾਂ ਵਿੱਚੋਂ ਕੁਝ ਨਾਲ ਲੈ ਕੇ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਦੇ ਨਗਰ ਨੂੰ ਗਿਆ।
11 ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਖੂਹ ਦੇ ਕੋਲ ਬਿਠਾ ਦਿੱਤਾ, ਇਹ ਸ਼ਾਮ ਦਾ ਵੇਲਾ ਸੀ ਜਦੋਂ ਇਸਤਰੀਆਂ ਪਾਣੀ ਭਰਨ ਨੂੰ ਨਿੱਕਲਦੀਆਂ ਸਨ।
12 ਤਦ ਉਸ ਨੇ ਆਖਿਆ, ਹੇ ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ, ਅੱਜ ਮੇਰਾ ਸਭ ਕਾਰਜ ਸਫ਼ਲ ਕਰ ਅਤੇ ਮੇਰੇ ਸੁਆਮੀ ਅਬਰਾਹਾਮ ਉੱਤੇ ਕਿਰਪਾ ਕਰ।
13 ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਅਤੇ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਾਂ।
14 ਅਜਿਹਾ ਹੋਵੇ ਕਿ ਜਿਹੜੀ ਕੁੜੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਮੇਰੇ ਵੱਲ ਨੂੰ ਨੀਵਾਂ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੀ ਹੋਵੇ ਜਿਸ ਨੂੰ ਤੂੰ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ, ਮੈਂ ਇਸੇ ਗੱਲ ਤੋਂ ਜਾਣਾਂਗਾ ਕਿ ਤੂੰ ਮੇਰੇ ਸੁਆਮੀ ਉੱਤੇ ਕਿਰਪਾ ਕੀਤੀ ਹੈ।
15 ਤਦ ਐਉਂ ਹੋਇਆ ਜਦ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ, ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਆਪਣਾ ਘੜਾ ਮੋਢਿਆਂ ਤੇ ਚੁੱਕੀ ਹੋਈ ਆ ਨਿੱਕਲੀ।
16 ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਆਪਣਾ ਘੜਾ ਭਰ ਕੇ ਬਾਹਰ ਆਈ।
17 ਤਾਂ ਉਹ ਨੌਕਰ ਉਸ ਦੇ ਮਿਲਣ ਨੂੰ ਨੱਠ ਕੇ ਗਿਆ ਅਤੇ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ।
18 ਤਾਂ ਉਸ ਆਖਿਆ, ਮੇਰੇ ਸੁਆਮੀ ਜੀ ਪੀਓ ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੱਥਾਂ ਉੱਤੇ ਕਰਕੇ ਉਸ ਨੂੰ ਪਿਲਾਇਆ।
19 ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਦ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੱਕ ਓਹ ਪੀ ਨਾ ਲੈਣ।
20 ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੌਦ ਵਿੱਚ ਡੋਲ੍ਹ ਦਿੱਤਾ ਅਤੇ ਫੇਰ ਖੂਹ ਵਿੱਚੋਂ ਭਰਨ ਨੂੰ ਨੱਠ ਕੇ ਗਈ ਅਤੇ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ।
21 ਉਹ ਮਨੁੱਖ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਨੂੰ ਕਿ ਯਹੋਵਾਹ ਨੇ ਉਸ ਦਾ ਸਫ਼ਰ ਸਫ਼ਲ ਕੀਤਾ ਹੈ ਕਿ ਨਹੀਂ।
22 ਜਦ ਊਠ ਪੀ ਚੁੱਕੇ ਤਦ ਉਸ ਮਨੁੱਖ ਨੇ ਅੱਧੇ ਤੋਲੇ ਸੋਨੇ ਦੀ ਇੱਕ ਨੱਥ ਅਤੇ ਦਸ ਤੋਲੇ ਸੋਨੇ ਦੇ ਦੋ ਕੜੇ ਉਹ ਦੇ ਹੱਥਾਂ ਵਿੱਚ ਪਹਿਨਾ ਦਿੱਤੇ
23 ਅਤੇ ਪੁੱਛਿਆ, ਮੈਨੂੰ ਦੱਸੀਂ ਤੂੰ ਕਿਹਦੀ ਧੀ ਹੈਂ ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ?
24 ਉਸ ਉਹ ਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ।
25 ਫਿਰ ਉਸ ਨੇ ਉਹ ਨੂੰ ਆਖਿਆ, ਸਾਡੇ ਕੋਲ ਊਠਾਂ ਲਈ ਚਾਰਾ ਬਥੇਰਾ ਹੈ ਅਤੇ ਰਾਤ ਰਹਿਣ ਦੀ ਥਾਂ ਵੀ ਹੈ।
26 ਤਦ ਉਸ ਮਨੁੱਖ ਨੇ ਸਿਰ ਝੁਕਾਇਆ ਅਤੇ ਯਹੋਵਾਹ ਨੂੰ ਮੱਥਾ ਟੇਕਿਆ।
27 ਉਸ ਨੇ ਆਖਿਆ, ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ, ਜਿਸ ਮੇਰੇ ਸੁਆਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਤੇ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਤੇ ਮੈਂ ਰਾਹ ਵਿੱਚ ਹੀ ਸੀ ਕਿ ਯਹੋਵਾਹ ਨੇ ਮੈਨੂੰ ਮੇਰੇ ਸੁਆਮੀ ਦੇ ਭਰਾਵਾਂ ਦੇ ਘਰ ਪਹੁੰਚਾਇਆ।
28 ਤਦ ਕੁੜੀ ਆਪਣੀ ਮਾਤਾ ਦੇ ਘਰ ਨੂੰ ਨੱਠ ਕੇ ਆਈ ਅਤੇ ਸਾਰੀਆਂ ਗੱਲਾਂ ਦੱਸੀਆਂ।
29 ਰਿਬਕਾਹ ਦਾ ਇੱਕ ਭਰਾ ਸੀ ਜਿਸ ਦਾ ਨਾਮ ਲਾਬਾਨ ਸੀ, ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜ ਕੇ ਗਿਆ।
30 ਜਦ ਉਸ ਨੇ ਨੱਥ ਅਤੇ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਦੇਖੇ ਅਤੇ ਜਦ ਆਪਣੀ ਭੈਣ ਰਿਬਕਾਹ ਤੋਂ ਗੱਲਾਂ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਸ ਮਨੁੱਖ ਨੇ ਮੇਰੇ ਨਾਲ ਇਹ-ਇਹ ਗੱਲਾਂ ਕੀਤੀਆਂ ਤਾਂ ਉਹ ਉਸ ਮਨੁੱਖ ਕੋਲ ਆਇਆ ਅਤੇ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜ੍ਹਾ ਸੀ।
31 ਉਸ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ ਆਓ। ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਨੂੰ ਤਿਆਰ ਕੀਤਾ ਹੈ ਅਤੇ ਊਠਾਂ ਲਈ ਵੀ ਥਾਂ ਹੈ
32 ਤਦ ਉਹ ਮਨੁੱਖ ਘਰ ਵਿੱਚ ਆਇਆ ਅਤੇ ਊਠਾਂ ਨੂੰ ਖੋਲ੍ਹਿਆ ਅਤੇ ਲਾਬਾਨ ਨੇ ਊਠਾਂ ਨੂੰ ਚਾਰਾ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ।
33 ਤਾਂ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ ਜਦ ਤੱਕ ਆਪਣੀ ਗੱਲ ਨਾ ਦੱਸਾਂ ਮੈਂ ਕੁਝ ਨਹੀਂ ਖਾਵਾਂਗਾ ਤਾਂ ਲਾਬਾਨ ਨੇ ਆਖਿਆ, ਦੱਸੋ ਜੀ।
34 ਫੇਰ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਨੌਕਰ ਹਾਂ
35 ਅਤੇ ਯਹੋਵਾਹ ਨੇ ਮੇਰੇ ਸੁਆਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਤੇ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ, ਗਾਈਆਂ-ਬਲ਼ਦ, ਸੋਨਾ-ਚਾਂਦੀ, ਦਾਸ-ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।
36 ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਆਪਣੇ ਬੁਢਾਪੇ ਵਿੱਚ ਮੇਰੇ ਸੁਆਮੀ ਲਈ ਇੱਕ ਪੁੱਤਰ ਜਣਿਆ ਅਤੇ ਅਬਰਾਹਾਮ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ ਹੈ।
37 ਮੇਰੇ ਸੁਆਮੀ ਨੇ ਮੈਨੂੰ ਇਹ ਸਹੁੰ ਦਿੱਤੀ ਹੈ, ਤੂੰ ਮੇਰੇ ਪੁੱਤਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵੱਸਦਾ ਹਾਂ, ਪਤਨੀ ਨਾ ਲਿਆਵੀਂ।
38 ਸਗੋਂ ਮੇਰੇ ਪਿਤਾ ਦੇ ਘਰ ਅਤੇ ਮੇਰੇ ਘਰਾਣੇ ਵਿੱਚ ਜਾਵੀਂ ਅਤੇ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ।
39 ਤਦ ਮੈਂ ਆਪਣੇ ਸੁਆਮੀ ਨੂੰ ਆਖਿਆ ਕਿ ਸ਼ਾਇਦ ਉਹ ਇਸਤਰੀ ਮੇਰੇ ਨਾਲ ਨਾ ਆਉਣਾ ਚਾਹੇ।
40 ਤਦ ਉਸ ਨੇ ਮੈਨੂੰ ਆਖਿਆ, ਯਹੋਵਾਹ ਜਿਸ ਦੇ ਸਨਮੁਖ ਮੈਂ ਚਲਦਾ ਹਾਂ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਉਹ ਤੇਰੇ ਰਾਹ ਨੂੰ ਸਫ਼ਲ ਕਰੇਗਾ ਅਤੇ ਤੂੰ ਮੇਰੇ ਘਰਾਣੇ ਵਿੱਚੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ।
41 ਤਦ ਹੀ ਤੂੰ ਮੇਰੀ ਸਹੁੰ ਤੋਂ ਛੁੱਟੇਂਗਾ, ਜਦ ਤੂੰ ਮੇਰੇ ਘਰਾਣੇ ਵਿੱਚ ਜਾਵੇਂਗਾ ਅਤੇ ਜੇ ਓਹ ਤੈਨੂੰ ਕੋਈ ਇਸਤਰੀ ਨਾ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਛੁੱਟ ਜਾਵੇਂਗਾ।
42 ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਅਤੇ ਆਖਿਆ, ਹੇ ਯਹੋਵਾਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ, ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸਫ਼ਲ ਕਰੇਂ।
43 ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਤਾਂ ਅਜਿਹਾ ਹੋਵੇ ਕਿ ਜਿਹੜੀ ਕੁੜੀ ਪਾਣੀ ਭਰਨ ਲਈ ਬਾਹਰ ਆਵੇ ਅਤੇ ਮੈਂ ਉਸ ਨੂੰ ਆਖਾਂ ਕਿ ਮੈਨੂੰ ਆਪਣੇ ਘੜੇ ਤੋਂ ਪਾਣੀ ਪਿਲਾ ਅਤੇ ਉਹ ਮੈਨੂੰ ਆਖੇ,
44 ਪੀ ਲਓ ਜੀ, ਅਤੇ ਮੈਂ ਤੁਹਾਡੇ ਊਠਾਂ ਲਈ ਵੀ ਭਰਾਂਗੀ, ਉਹ ਓਹੀ ਇਸਤਰੀ ਹੋਵੇ ਜਿਸ ਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਠਹਿਰਾਇਆ ਹੈ।
45 ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾਹ ਆਪਣਾ ਘੜਾ ਮੋਢੇ ਉੱਤੇ ਚੁੱਕ ਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਪਾਣੀ ਭਰਿਆ ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਾਣੀ ਪਿਲਾਈਂ।
46 ਤਦ ਉਸ ਨੇ ਛੇਤੀ ਨਾਲ ਆਪਣਾ ਘੜਾ ਮੋਢੇ ਤੋਂ ਲਾਹ ਕੇ ਆਖਿਆ, ਪੀਓ ਜੀ, ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਤਦ ਮੈਂ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਿਲਾਇਆ।
47 ਫੇਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਧੀ ਹੈਂ? ਤਦ ਉਸ ਨੇ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਲਈ ਜਨਮ ਦਿੱਤਾ। ਤਦ ਮੈਂ ਉਸ ਦੀ ਨੱਕ ਵਿੱਚ ਨੱਥ ਅਤੇ ਹੱਥਾਂ ਵਿੱਚ ਕੜੇ ਪਾ ਦਿੱਤੇ।
48 ਫਿਰ ਮੈਂ ਆਪਣਾ ਸਿਰ ਝੁਕਾ ਕੇ ਯਹੋਵਾਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਧੰਨ ਆਖਿਆ ਜਿਸ ਨੇ ਮੈਨੂੰ ਸਹੀ ਰਸਤੇ ਤੇ ਪਾਇਆ ਤਾਂ ਜੋ ਮੈਂ ਆਪਣੇ ਸੁਆਮੀ ਦੇ ਭਰਾ ਦੀ ਧੀ ਉਸ ਦੇ ਪੁੱਤਰ ਵਾਸਤੇ ਲੈ ਜਾਂਵਾਂ।
49 ਹੁਣ ਜੇਕਰ ਤੁਸੀਂ ਮੇਰੇ ਸੁਆਮੀ ਦੇ ਨਾਲ ਕਿਰਪਾ ਅਤੇ ਸਚਿਆਈ ਦਾ ਵਿਵਹਾਰ ਕਰਨਾ ਹੈ ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਸੱਜੇ ਜਾਂ ਖੱਬੇ ਪਾਸੇ ਵੱਲ ਮੁੜਾਂ।
50 ਤਦ ਲਾਬਾਨ ਅਤੇ ਬਥੂਏਲ ਨੇ ਜਵਾਬ ਵਿੱਚ ਆਖਿਆ, ਇਹ ਗੱਲ ਯਹੋਵਾਹ ਵੱਲੋਂ ਆਈ ਹੈ। ਅਸੀਂ ਤੁਹਾਨੂੰ ਬੁਰਾ ਜਾਂ ਭਲਾ ਨਹੀਂ ਆਖ ਸਕਦੇ।
51 ਵੇਖੋ, ਰਿਬਕਾਹ ਤੁਹਾਡੇ ਸਾਹਮਣੇ ਹੈ। ਉਹ ਨੂੰ ਲੈ ਜਾਓ ਤਾਂ ਜੋ ਉਹ ਤੁਹਾਡੇ ਸੁਆਮੀ ਦੇ ਪੁੱਤਰ ਦੀ ਪਤਨੀ ਹੋਵੇ, ਜਿਵੇਂ ਯਹੋਵਾਹ ਦਾ ਬਚਨ ਹੈ।
52 ਜਦ ਅਬਰਾਹਾਮ ਦੇ ਨੌਕਰ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਦ ਉਸ ਨੇ ਯਹੋਵਾਹ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ।
53 ਫੇਰ ਉਸ ਨੌਕਰ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਅਤੇ ਬਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ ਅਤੇ ਉਸ ਨੇ ਉਸ ਦੇ ਭਰਾ ਅਤੇ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ।
54 ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਰਾਤ ਉੱਥੇ ਹੀ ਕੱਟੀ। ਤੜਕੇ ਉੱਠ ਕੇ ਉਸ ਨੇ ਆਖਿਆ, ਮੈਨੂੰ ਮੇਰੇ ਸੁਆਮੀ ਦੇ ਕੋਲ ਜਾਣ ਲਈ ਵਿਦਿਆ ਕਰੋ।
55 ਰਿਬਕਾਹ ਦੇ ਭਰਾ ਅਤੇ ਉਸ ਦੀ ਮਾਤਾ ਨੇ ਆਖਿਆ, ਕੁੜੀ ਨੂੰ ਥੋੜ੍ਹੇ ਦਿਨ ਅਰਥਾਤ ਦਸ ਦਿਨ ਹੋਰ ਸਾਡੇ ਕੋਲ ਰਹਿਣ ਦਿਓ। ਉਸ ਦੇ ਬਾਅਦ ਉਹ ਚਲੀ ਜਾਵੇਗੀ।
56 ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਮੈਨੂੰ ਨਾ ਰੋਕੋ ਕਿਉਂ ਜੋ ਯਹੋਵਾਹ ਨੇ ਮੇਰੇ ਸਫ਼ਰ ਨੂੰ ਸਫ਼ਲ ਕੀਤਾ ਹੈ। ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਸੁਆਮੀ ਕੋਲ ਜਾਂਵਾਂ।
57 ਉਨ੍ਹਾਂ ਨੇ ਆਖਿਆ, ਅਸੀਂ ਕੁੜੀ ਨੂੰ ਬੁਲਾਉਂਦੇ ਹਾਂ ਅਤੇ ਉਸ ਤੋਂ ਹੀ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ?
58 ਤਦ ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ? ਤਾਂ ਉਸ ਨੇ ਆਖਿਆ, ਹਾਂ, ਮੈਂ ਜਾਂਵਾਂਗੀ।
59 ਤਦ ਉਨ੍ਹਾਂ ਨੇ ਆਪਣੀ ਭੈਣ ਰਿਬਕਾਹ, ਉਸ ਦੀ ਦਾਈ, ਅਬਰਾਹਾਮ ਦੇ ਨੌਕਰ ਅਤੇ ਉਸ ਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ।
60 ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਆਖਿਆ, ਹੇ ਸਾਡੀ ਭੈਣ, ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ।
61 ਤਦ ਰਿਬਕਾਹ ਅਤੇ ਉਸ ਦੀਆਂ ਸਹੇਲੀਆਂ ਉੱਠੀਆਂ ਅਤੇ ਊਠਾਂ ਉੱਤੇ ਚੜ੍ਹ ਗਈਆਂ ਅਤੇ ਉਸ ਮਨੁੱਖ ਦੇ ਪਿੱਛੇ-ਪਿੱਛੇ ਤੁਰ ਪਈਆਂ। ਇਸ ਤਰ੍ਹਾਂ ਉਹ ਨੌਕਰ ਰਿਬਕਾਹ ਨੂੰ ਨਾਲ ਲੈ ਕੇ ਤੁਰ ਪਿਆ।
62 ਇਸਹਾਕ, ਜੋ ਦੱਖਣ ਦੇਸ਼ ਵਿੱਚ ਰਹਿੰਦਾ ਸੀ, ਬਏਰ-ਲਹਈ-ਰੋਈ ਦੇ ਰਸਤੇ ਤੋਂ ਆ ਰਿਹਾ ਸੀ।
63 ਇਸਹਾਕ ਸ਼ਾਮ ਦੇ ਵੇਲੇ ਖੇਤਾਂ ਵਿੱਚ ਧਿਆਨ ਕਰਨ ਲਈ ਬਾਹਰ ਗਿਆ ਸੀ, ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਊਠ ਆ ਰਹੇ ਸਨ।
64 ਤਦ ਰਿਬਕਾਹ ਨੇ ਵੀ ਅੱਖਾਂ ਚੁੱਕ ਕੇ ਇਸਹਾਕ ਨੂੰ ਵੇਖਿਆ ਤਾਂ ਊਠ ਤੋਂ ਉਤਰ ਗਈ।
65 ਉਸ ਨੇ ਨੌਕਰ ਤੋਂ ਪੁੱਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚੋਂ ਸਾਨੂੰ ਮਿਲਣ ਲਈ ਆਉਂਦਾ ਹੈ, ਉਹ ਕੌਣ ਹੈ? ਨੌਕਰ ਨੇ ਆਖਿਆ, ਉਹ ਮੇਰਾ ਸੁਆਮੀ ਹੈ, ਤਦ ਰਿਬਕਾਹ ਨੇ ਘੁੰਡ ਕੱਢ ਕੇ ਆਪਣੇ ਆਪ ਨੂੰ ਢੱਕ ਲਿਆ।
66 ਫੇਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਕੀਤੀਆਂ ਸਨ, ਇਸਹਾਕ ਨੂੰ ਦੱਸੀਆਂ।
67 ਤਦ ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਬਕਾਹ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਹੋਈ। ਉਸ ਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਸ਼ਾਂਤੀ ਮਿਲੀ।