5
ਮੂਸਾ ਅਤੇ ਹਾਰੂਨ ਫ਼ਿਰਊਨ ਦੇ ਸਾਹਮਣੇ
1 ਇਸ ਦੇ ਬਾਅਦ ਮੂਸਾ ਅਤੇ ਹਾਰੂਨ ਨੇ ਜਾ ਕੇ ਫ਼ਿਰਊਨ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰਾ ਪਰਬ ਮਨਾਵੇ।
2 ਪਰ ਫ਼ਿਰਊਨ ਨੇ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਬਿਲਕੁਲ ਵੀ ਨਹੀਂ ਜਾਣ ਦੇਵਾਂਗਾ।
3 ਫਿਰ ਉਨ੍ਹਾਂ ਨੇ ਆਖਿਆ, ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ। ਸਾਨੂੰ ਤਿੰਨ ਦਿਨਾਂ ਦੇ ਰਸਤੇ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਬਲੀਆਂ ਚੜ੍ਹਾਈਏ ਕਿਤੇ ਅਜਿਹਾ ਨਾ ਹੋਵੇ ਕਿ ਉਹ ਸਾਡੇ ਉੱਤੇ ਮਰੀ ਜਾਂ ਤਲਵਾਰ ਨਾਲ ਚੜ੍ਹਾਈ ਕਰੇ।
4 ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਆਖਿਆ, ਹੇ ਮੂਸਾ ਅਤੇ ਹੇ ਹਾਰੂਨ, ਤੁਸੀਂ ਕਿਉਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੰਮ ਛੁਡਾਉਂਦੇ ਹੋ? ਤੁਸੀਂ ਜਾ ਕੇ ਆਪਣੇ-ਆਪਣੇ ਕੰਮ ਕਰੋ।
5 ਫ਼ਿਰਊਨ ਨੇ ਇਹ ਵੀ ਆਖਿਆ, ਵੇਖੋ ਹੁਣ ਉਸ ਧਰਤੀ ਦੇ ਲੋਕ ਬਹੁਤ ਹਨ ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਗ਼ਾਰ ਤੋਂ ਅਰਾਮ ਕਰਾਉਂਦੇ ਹੋ।
6 ਉਸੇ ਦਿਨ ਫ਼ਿਰਊਨ ਨੇ ਲੋਕਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਦੇ ਗ਼ੁਲਾਮੀ ਕਰਾਉਣ ਵਾਲਿਆਂ ਨੂੰ ਇਹ ਹੁਕਮ ਦਿੱਤਾ
7 ਕਿ ਤੁਸੀਂ ਲੋਕਾਂ ਨੂੰ ਅੱਗੇ ਵਾਂਗੂੰ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ। ਉਹ ਆਪਣੇ ਲਈ ਆਪ ਜਾ ਕੇ ਤੂੜੀ ਇਕੱਠੀ ਕਰਨ
8 ਤੁਸੀਂ ਓਨ੍ਹੀਆਂ ਹੀ ਇੱਟਾਂ ਜਿੰਨੀਆਂ ਉਹ ਅੱਗੇ ਬਣਾਉਂਦੇ ਸਨ ਉਨ੍ਹਾਂ ਤੋਂ ਬਣਵਾਓ। ਤੁਸੀਂ ਉਨ੍ਹਾਂ ਵਿੱਚੋਂ ਕੁਝ ਨਾ ਘਟਾਓ ਕਿਉਂ ਜੋ ਉਹ ਵਿਹਲੇ ਰਹਿੰਦੇ ਹਨ ਇਸੇ ਲਈ ਉਹ ਇਹ ਦੁਹਾਈ ਦਿੰਦੇ ਹਨ ਕਿ ਅਸੀਂ ਜਾ ਕੇ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ।
9 ਉਹ ਸੇਵਾ ਉਨ੍ਹਾਂ ਮਨੁੱਖਾਂ ਉੱਤੇ ਹੋਰ ਭਾਰੀ ਕੀਤੀ ਜਾਵੇ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ ਅਤੇ ਝੂਠੀਆਂ ਗੱਲਾਂ ਉੱਤੇ ਧਿਆਨ ਨਾ ਦੇਣ।
10 ਤਦ ਲੋਕਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਤੋਂ ਗ਼ੁਲਾਮੀ ਕਰਾਉਣ ਵਾਲਿਆਂ ਨੇ ਬਾਹਰ ਜਾ ਕੇ ਲੋਕਾਂ ਨੂੰ ਆਖਿਆ ਕਿ ਫ਼ਿਰਊਨ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤੁਹਾਨੂੰ ਤੂੜੀ ਨਹੀਂ ਦਿਆਂਗਾ।
11 ਤੁਸੀਂ ਜਾਓ ਅਤੇ ਆਪਣੇ ਲਈ ਤੂੜੀ ਜਿੱਥੋਂ ਤੁਹਾਨੂੰ ਲੱਭੇ ਆਪ ਲਿਆਓ। ਤੁਹਾਡੀ ਸੇਵਾ ਤੋਂ ਕੁਝ ਵੀ ਨਹੀਂ ਘਟੇਗਾ।
12 ਤਦ ਉਹ ਲੋਕ ਸਾਰੇ ਮਿਸਰ ਦੇਸ ਵਿੱਚ ਤੂੜੀ ਦੀ ਥਾਂ ਭੁੱਠਾ ਚੁਗਣ ਲਈ ਤਿੱਤਰ-ਬਿੱਤਰ ਹੋ ਗਏ।
13 ਬੇਗ਼ਾਰ ਕਰਾਉਣ ਵਾਲਿਆਂ ਨੇ ਜ਼ੋਰ ਕਰ ਕੇ ਆਖਿਆ, ਤੁਸੀਂ ਆਪਣਾ ਰੋਜ਼ ਦਾ ਕੰਮ ਰੋਜ਼ ਪੂਰਾ ਕਰੋ ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸੀ।
14 ਇਸਰਾਏਲੀਆਂ ਦੇ ਸਰਦਾਰਾਂ ਨੇ ਜਿਨ੍ਹਾਂ ਨੂੰ ਫ਼ਿਰਊਨ ਦੇ ਬੇਗ਼ਾਰ ਕਰਾਉਣ ਵਾਲਿਆਂ ਨੇ ਉਨ੍ਹਾਂ ਉੱਤੇ ਨਿਯੁਕਤ ਕੀਤਾ ਹੋਇਆ ਸੀ, ਮਾਰ ਖਾਧੀ। ਉਨ੍ਹਾਂ ਨੂੰ ਇਹ ਆਖਿਆ ਗਿਆ ਕਿ ਤੁਸੀਂ ਆਪਣਾ ਇੱਟਾਂ ਬਣਾਉਣ ਦਾ ਕੰਮ ਕੱਲ ਪਰਸੋਂ ਤੇ ਅੱਜ ਵੀ ਪੂਰਾ ਕਿਉਂ ਨਹੀਂ ਕੀਤਾ?।
15 ਤਦ ਇਸਰਾਏਲੀਆਂ ਦੇ ਸਰਦਾਰ ਅੰਦਰ ਆਏ ਅਤੇ ਫ਼ਿਰਊਨ ਕੋਲ ਦੁਹਾਈ ਦਿੱਤੀ ਕਿ ਤੁਸੀਂ ਆਪਣੇ ਦਾਸਾਂ ਨਾਲ ਅਜਿਹਾ ਕਿਉਂ ਕੀਤਾ?
16 ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ ਅਤੇ ਸਾਨੂੰ ਆਖਦੇ ਹਨ, ਇੱਟਾਂ ਬਣਾਓ! ਵੇਖੋ, ਤੁਹਾਡੇ ਦਾਸਾਂ ਨੂੰ ਮਾਰ ਪੈਂਦੀ ਹੈ। ਦੋਸ਼ ਤੁਹਾਡੇ ਲੋਕਾਂ ਦਾ ਹੈ।
17 ਉਸ ਨੇ ਆਖਿਆ, ਤੁਸੀਂ ਆਲਸੀ ਹੋ, ਢਿੱਲੇ! ਇਸੇ ਕਰਕੇ ਤੁਸੀਂ ਆਖੀ ਜਾਂਦੇ ਹੋ, ਸਾਨੂੰ ਜਾਣ ਦੇ ਤਾਂ ਜੋ ਅਸੀਂ ਯਹੋਵਾਹ ਲਈ ਬਲੀਆਂ ਚੜ੍ਹਾਈਏ।
18 ਹੁਣ ਜਾਓ ਅਤੇ ਕੰਮ ਕਰੋ ਪਰ ਤੂੜੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਅਤੇ ਇੱਟਾਂ ਦਾ ਹਿਸਾਬ ਪੂਰਾ ਕਰਨਾ ਪਵੇਗਾ।
19 ਤਦ ਇਸਰਾਏਲੀਆਂ ਦੇ ਸਰਦਾਰਾਂ ਨੇ ਵੇਖ ਲਿਆ ਕਿ ਅਸੀਂ ਬੁਰੇ ਹਾਲ ਵਿੱਚ ਹਾਂ, ਜਦ ਆਖਿਆ ਜਾਂਦਾ ਹੈ, ਤੁਸੀਂ ਆਪਣੇ ਰੋਜ਼ ਦੇ ਇੱਟਾਂ ਦੇ ਕੰਮ ਵਿੱਚੋਂ ਕੁਝ ਨਾ ਘਟਾਓ।
20 ਜਦ ਉਹ ਫ਼ਿਰਊਨ ਕੋਲੋਂ ਬਾਹਰ ਨਿੱਕਲੇ ਤਦ ਮੂਸਾ ਅਤੇ ਹਾਰੂਨ ਨੂੰ ਜਿਹੜੇ ਉਨ੍ਹਾਂ ਦੇ ਮਿਲਣ ਨੂੰ ਰਾਹ ਵਿੱਚ ਖੜ੍ਹੇ ਸਨ, ਮਿਲੇ।
21 ਤਦ ਉਨ੍ਹਾਂ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਤੁਹਾਨੂੰ ਵੇਖੇ ਤੇ ਨਿਆਂ ਕਰੇ ਕਿਉਂ ਜੋ ਤੁਸੀਂ ਸਾਡੀ ਬਾਸ਼ਨਾ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ ਅਤੇ ਸਾਨੂੰ ਜਾਨ ਤੋਂ ਮਾਰਨ ਲਈ ਉਨ੍ਹਾਂ ਦੇ ਹੱਥ ਵਿੱਚ ਤਲਵਾਰ ਦੇ ਦਿੱਤੀ ਹੈ।
ਮੂਸਾ ਪਰਮੇਸ਼ੁਰ ਨੂੰ ਸ਼ਿਕਾਇਤ ਕਰਦਾ ਹੈ
22 ਫਿਰ ਮੂਸਾ ਯਹੋਵਾਹ ਵੱਲ ਮੁੜਿਆ ਅਤੇ ਆਖਿਆ, ਹੇ ਪ੍ਰਭੂ, ਤੂੰ ਕਿਉਂ ਇਸ ਪਰਜਾ ਉੱਤੇ ਬੁਰਿਆਈ ਆਉਣ ਦਿੱਤੀ ਅਤੇ ਤੂੰ ਮੈਨੂੰ ਕਿਉਂ ਭੇਜਿਆ?
23 ਕਿਉਂਕਿ ਜਿਸ ਵੇਲੇ ਤੋਂ ਮੈਂ ਤੇਰਾ ਨਾਮ ਲੈ ਕੇ ਫ਼ਿਰਊਨ ਨਾਲ ਗੱਲਾਂ ਕਰਨ ਲਈ ਆਇਆ ਤਦ ਤੋਂ ਹੀ ਉਸ ਨੇ ਇਸ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੂੰ ਵੀ ਆਪਣੀ ਪਰਜਾ ਨੂੰ ਛੁਟਕਾਰਾ ਨਾ ਦਿੱਤਾ।