33
ਸੀਨਈ ਪਰਬਤ ਤੋਂ ਚੱਲਣ ਦੀ ਆਗਿਆ
1 ਯਹੋਵਾਹ ਮੂਸਾ ਨੂੰ ਬੋਲਿਆ, ਇੱਥੋਂ ਤੁਰ ਕੇ ਤੂੰ ਅਤੇ ਇਹ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਕੱਢ ਲਿਆਇਆ ਉਸ ਦੇਸ ਨੂੰ ਉਤਾਹਾਂ ਜਾਣ ਜਿਹ ਦੇ ਲਈ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਕਿ ਮੈਂ ਇਹ ਦੇਸ ਤੁਹਾਡੀ ਅੰਸ ਨੂੰ ਦੇਵਾਂਗਾ।
2 ਅਤੇ ਮੈਂ ਤੇਰੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਮੈਂ ਕਨਾਨੀ, ਅਮੋਰੀ, ਹਿੱਤੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਦੇਵਾਂਗਾ।
3 ਉਸ ਦੇਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਪਰ ਮੈਂ ਤੁਹਾਡੇ ਨਾਲ-ਨਾਲ ਉਤਾਹਾਂ ਨਾ ਜਾਂਵਾਂਗਾ ਕਿਉਂ ਜੋ ਤੁਸੀਂ ਹਾਠੇ ਲੋਕ ਹੀ ਮਤੇ ਮੈਂ ਤੁਹਾਨੂੰ ਰਾਹ ਵਿੱਚ ਭਸਮ ਕਰ ਦਿਆਂ।
4 ਜਦ ਲੋਕਾਂ ਨੇ ਇਹ ਬੁਰੀ ਗੱਲ ਸੁਣੀ ਤਾਂ ਉਨ੍ਹਾਂ ਨੇ ਵਿਰਲਾਪ ਕੀਤਾ ਅਤੇ ਕਿਸੇ ਮਨੁੱਖ ਨੇ ਆਪਣੇ ਗਹਿਣੇ ਨਾ ਪਾਏ।
5 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਇਸਰਾਏਲੀਆਂ ਨੂੰ ਆਖ ਕਿ ਤੁਸੀਂ ਢੀਠ ਲੋਕ ਹੋ। ਜੇ ਮੈਂ ਇੱਕ ਪਲ ਲਈ ਤੁਹਾਡੇ ਨਾਲ-ਨਾਲ ਉਤਾਹਾਂ ਜਾਂਵਾਂ ਤਾਂ ਮੈਂ ਤੁਹਾਨੂੰ ਭਸਮ ਕਰ ਦੇਵਾਂਗਾ ਪਰ ਹੁਣ ਆਪਣੇ ਗਹਿਣੇ ਆਪ ਤੋਂ ਲਾਹ ਸੁੱਟੋ ਤਾਂ ਜੋ ਮੈਂ ਜਾਣਾਂ ਕਿ ਤੁਹਾਡੇ ਨਾਲ ਕੀ ਕਰਾਂ।
6 ਇਸਰਾਏਲੀਆਂ ਨੇ ਹੋਰੇਬ ਦੇ ਪਰਬਤ ਦੇ ਪਰੇ ਆਪਣੇ ਗਹਿਣੇ ਲਾਹ ਸੁੱਟੇ।
ਮਿਲਾਪ ਦਾ ਤੰਬੂ
7 ਮੂਸਾ ਇੱਕ ਤੰਬੂ ਲੈ ਕੇ ਡੇਰੇ ਤੋਂ ਬਾਹਰ ਅਤੇ ਦੂਰ ਲਾ ਲੈਂਦਾ ਸੀ ਅਤੇ ਉਸ ਨੂੰ ਮੰਡਲੀ ਦਾ ਤੰਬੂ ਆਖਿਆ ਤਾਂ ਇਸ ਤਰ੍ਹਾਂ ਹੋਇਆ ਕਿ ਜੋ ਕੋਈ ਯਹੋਵਾਹ ਨੂੰ ਭਾਲਦਾ ਸੀ ਸੋ ਮੰਡਲੀ ਦੇ ਤੰਬੂ ਨੂੰ ਡੇਰੇ ਤੋਂ ਬਾਹਰ ਜਾਂਦਾ ਸੀ।
8 ਅਤੇ ਇਸ ਤਰ੍ਹਾਂ ਸੀ ਕਿ ਜਦ ਮੂਸਾ ਉਸ ਤੰਬੂ ਵਿੱਚ ਜਾਂਦਾ ਸੀ ਤਾਂ ਸਾਰੇ ਲੋਕ ਉੱਠ ਕੇ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਕੋਲ ਖੜੇ ਹੋ ਜਾਂਦੇ ਸਨ ਅਤੇ ਮੂਸਾ ਨੂੰ ਵੇਖਦੇ ਰਹਿੰਦੇ ਸਨ ਜਿੰਨਾਂ ਚਿਰ ਉਹ ਤੰਬੂ ਦੇ ਵਿੱਚ ਅੰਦਰ ਨਾ ਵੜ ਜਾਂਦਾ।
9 ਅਤੇ ਇਸ ਤਰ੍ਹਾਂ ਸੀ ਕਿ ਜਾਂ ਮੂਸਾ ਤੰਬੂ ਦੇ ਵਿੱਚ ਵੜ ਜਾਂਦਾ ਸੀ ਤਾਂ ਬੱਦਲ ਦਾ ਥੰਮ੍ਹ ਉੱਤਰਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਖੜਾ ਹੋ ਜਾਂਦਾ ਸੀ ਤਾਂ ਯਹੋਵਾਹ ਮੂਸਾ ਨਾਲ ਗੱਲ ਕਰਦਾ ਸੀ।
10 ਜਦ ਸਾਰਿਆਂ ਲੋਕਾਂ ਨੇ ਬੱਦਲ ਦੇ ਥੰਮ੍ਹ ਨੂੰ ਤੰਬੂ ਦੇ ਦਰਵਾਜ਼ੇ ਉੱਤੇ ਖੜਾ ਵੇਖਿਆ ਤਾਂ ਸਾਰੇ ਲੋਕ ਉੱਠ ਖੜੇ ਹੋਏ ਅਤੇ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਮੱਥਾ ਟੇਕਿਆ।
11 ਤਾਂ ਯਹੋਵਾਹ ਮੂਸਾ ਨਾਲ ਆਹਮੋ-ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸੱਜਣ ਨਾਲ ਬੋਲਦਾ ਹੈ ਅਤੇ ਉਹ ਫੇਰ ਡੇਰੇ ਨੂੰ ਮੁੜ ਜਾਂਦਾ ਸੀ ਪਰ ਉਸ ਦਾ ਇੱਕ ਗੱਭਰੂ ਸੇਵਾਦਾਰ ਨੂਨ ਦਾ ਪੁੱਤਰ ਯਹੋਸ਼ੁਆ ਤੰਬੂ ਦੇ ਵਿੱਚੋਂ ਨਾ ਹਿੱਲਦਾ ਸੀ।
ਪਰਮੇਸ਼ੁਰ ਦੀ ਹਜ਼ੂਰੀ ਦਾ ਬਚਨ
12 ਫਿਰ ਮੂਸਾ ਨੇ ਯਹੋਵਾਹ ਨੂੰ ਆਖਿਆ, ਵੇਖ ਤੂੰ ਮੈਨੂੰ ਆਖਦਾ ਹੈਂ ਕਿ ਇਨ੍ਹਾਂ ਲੋਕਾਂ ਨੂੰ ਉਤਾਹਾਂ ਲੈ ਜਾ ਪਰ ਤੂੰ ਮੈਨੂੰ ਨਹੀਂ ਦੱਸਿਆ ਕਿਹ ਨੂੰ ਤੂੰ ਮੇਰੇ ਨਾਲ ਭੇਜੇਂਗਾ ਤਾਂ ਵੀ ਤੂੰ ਆਖਿਆ ਹੈ, ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ ਅਤੇ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ।
13 ਸੋ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈਂ ਤਾਂ ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ ਅਤੇ ਸਮਝ ਲੈ ਕਿ ਇਹ ਕੌਮ ਤੇਰੀ ਪਰਜਾ ਹੈ।
14 ਤਾਂ ਉਸ ਆਖਿਆ, ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਵਿਸ਼ਰਾਮ ਦਿਆਂਗਾ।
15 ਫੇਰ ਉਸ ਆਖਿਆ, ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ ਤਾਂ ਸਾਨੂੰ ਇੱਥੋਂ ਉਤਾਹਾਂ ਨਾ ਲੈ ਜਾਵੀਂ।
16 ਫੇਰ ਇਹ ਕਿਵੇਂ ਜਾਣਿਆ ਜਾਵੇਗਾ ਕਿ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਅਤੇ ਤੇਰੀ ਪਰਜਾ ਉੱਤੇ ਹੈ? ਕੀ ਇਹ ਇਸ ਤਰ੍ਹਾਂ ਨਹੀਂ ਕਿ ਤੂੰ ਸਾਡੇ ਨਾਲ ਜਾਂਦਾ ਹੈਂ ਸੋ ਅਸੀਂ ਅਰਥਾਤ ਮੈਂ ਅਤੇ ਤੇਰੀ ਇਹ ਪਰਜਾ ਸਾਰਿਆਂ ਲੋਕਾਂ ਵਿੱਚੋਂ ਜਿਹੜੇ ਜ਼ਮੀਨ ਉੱਤੇ ਹਨ ਅਨੋਖੇ ਰੱਖੇ ਹੋਏ ਹਾਂ?
17 ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਹੜੀ ਗੱਲ ਤੂੰ ਕੀਤੀ ਹੈ ਮੈਂ ਇਹ ਵੀ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਅਤੇ ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ।
18 ਤਾਂ ਉਸ ਆਖਿਆ, ਮੈਨੂੰ ਆਪਣਾ ਤੇਜ ਵਿਖਾਈਂ।
19 ਉਸ ਆਖਿਆ, ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਤੇ ਤੇਰੇ ਅੱਗੇ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ ਅਤੇ ਜਿਸ ਉੱਤੇ ਮੈਂ ਦਯਾ ਕਰਨਾ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ।
20 ਤਾਂ ਉਸ ਆਖਿਆ, ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸਕਦਾ।
21 ਤਾਂ ਯਹੋਵਾਹ ਨੇ ਆਖਿਆ, ਵੇਖ ਮੇਰੇ ਕੋਲ ਇੱਕ ਥਾਂ ਹੈ ਅਤੇ ਤੂੰ ਇੱਕ ਚੱਟਾਨ ਉੱਤੇ ਖੜਾ ਹੋ ਜਾਵੀਂ
22 ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੇਰਾ ਤੇਜ ਲੰਘ ਜਾਵੇ ਤਾਂ ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਮੈਂ ਤੈਨੂੰ ਆਪਣੇ ਹੱਥ ਨਾਲ ਢੱਕਾਂਗਾ
23 ਮੈਂ ਆਪਣਾ ਹੱਥ ਹਟਾਵਾਂਗਾ ਅਤੇ ਤੂੰ ਮੇਰੀ ਪਿੱਠ ਵੇਖੇਂਗਾ ਪਰ ਮੇਰਾ ਮੂੰਹ ਨਾ ਦਿੱਸੇਗਾ।