17
ਚੱਟਾਨ ਵਿੱਚੋਂ ਪਾਣੀ
ਗਿਣਤੀ 20:1-13
1 ਇਸਰਾਏਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚੋਂ ਯਹੋਵਾਹ ਦੇ ਆਖਣ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਨ੍ਹਾਂ ਨੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਪਰਜਾ ਦੇ ਪੀਣ ਲਈ ਪਾਣੀ ਨਹੀਂ ਸੀ।
2 ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਆਖਿਆ, ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੇਰੇ ਨਾਲ ਕਿਉਂ ਝਗੜਦੇ ਹੋ ਅਤੇ ਯਹੋਵਾਹ ਨੂੰ ਕਿਉਂ ਪਰਤਾਉਂਦੇ ਹੋ?
3 ਉੱਥੇ ਪਰਜਾ ਪਾਣੀ ਦੀ ਤਿਹਾਈ ਸੀ ਅਤੇ ਮੂਸਾ ਨਾਲ ਇਹ ਆਖ ਕੇ ਕੁੜ੍ਹਦੀ ਸੀ ਕਿ ਇਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈਂ ਕਿ ਸਾਨੂੰ ਅਤੇ ਸਾਡੇ ਪੁੱਤਰਾਂ ਅਤੇ ਸਾਡੇ ਵੱਗਾਂ ਨੂੰ ਐਥੇ ਤਿਹਾਇਆ ਮਾਰੇਂ?
4 ਤਾਂ ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਇਹ ਤਾਂ ਮੈਨੂੰ ਥੋੜੇ ਚਿਰਾਂ ਤੱਕ ਵੱਟੇ ਮਾਰਨਗੇ।
5 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਦੇ ਅੱਗੋਂ ਦੀ ਲੰਘ ਅਤੇ ਆਪਣੇ ਨਾਲ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਲੈ ਤੇ ਆਪਣੇ ਢਾਂਗੇ ਨੂੰ ਜਿਹੜਾ ਤੂੰ ਨਦੀ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਅਤੇ ਚੱਲ ਦੇl
6 ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚੱਟਾਨ ਉੱਤੇ ਖੜਾ ਹੋਵਾਂਗਾ ਅਤੇ ਤੂੰ ਚੱਟਾਨ ਨੂੰ ਮਾਰੀਂ ਤਾਂ ਉਸ ਵਿੱਚੋਂ ਪਾਣੀ ਨਿੱਕਲੇਗਾ ਤਾਂ ਜੋ ਪਰਜਾ ਪੀਵੇ। ਤਾਂ ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਉਸੇ ਤਰ੍ਹਾਂ ਹੀ ਕੀਤਾ।
7 ਅਤੇ ਉਸ ਨੇ ਉਸ ਥਾਂ ਦਾ ਨਾਮ ਮੱਸਾਹ ਅਤੇ ਮਰੀਬਾਹ ਇਸਰਾਏਲ ਦੇ ਝਗੜਨ ਦੇ ਕਾਰਨ ਅਤੇ ਯਹੋਵਾਹ ਦੇ ਪਰਤਾਵੇ ਦੇ ਕਾਰਨ ਇਹ ਆਖਦੇ ਹੋਏ ਰੱਖਿਆ ਕਿ ਯਹੋਵਾਹ ਸਾਡੇ ਵਿਚਕਾਰ ਹੈ ਕਿ ਨਹੀਂ?
ਅਮਾਲੇਕੀਆਂ ਉੱਤੇ ਜਿੱਤ
8 ਫੇਰ ਅਮਾਲੇਕ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲ ਨਾਲ ਲੜੇ।
9 ਤਾਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਤੇ ਨਿੱਕਲ ਕੇ ਅਮਾਲੇਕ ਨਾਲ ਲੜ। ਕੱਲ ਮੈਂ ਪਰਮੇਸ਼ੁਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ।
10 ਸੋ ਯਹੋਸ਼ੁਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾਰੂਨ ਅਤੇ ਹੂਰ ਟਿੱਲੇ ਦੀ ਟੀਸੀ ਉੱਤੇ ਚੜ੍ਹੇ।
11 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਤੇ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ।
12 ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈ ਕੇ ਉਸ ਦੇ ਹੇਠ ਰੱਖ ਦਿੱਤਾ ਅਤੇ ਉਹ ਉਸ ਉੱਤੇ ਬੈਠ ਗਿਆ ਅਤੇ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੱਕ ਤਕੜੇ ਰਹੇ
13 ਅਤੇ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ।
14 ਯਹੋਵਾਹ ਨੇ ਮੂਸਾ ਨੂੰ ਆਖਿਆ, ਇਸ ਨੂੰ ਚੇਤੇ ਰੱਖਣ ਲਈ ਪੁਸਤਕ ਵਿੱਚ ਲਿਖ ਲੈ ਅਤੇ ਯਹੋਸ਼ੁਆ ਦੇ ਕੰਨਾਂ ਵਿੱਚ ਸੁਣਾ ਕਿਉਂਕਿ ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ।
15 ਮੂਸਾ ਨੇ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਹੋਵਾਹ ਨਿੱਸੀ ਰੱਖਿਆ
16 ਅਤੇ ਉਸ ਆਖਿਆ ਕਿ ਯਹੋਵਾਹ ਦੇ ਸਿੰਘਾਸਣ ਉੱਤੇ ਸਹੁੰ ਇਹ ਹੈ ਕਿ ਅਮਾਲੇਕ ਦੇ ਨਾਲ ਯਹੋਵਾਹ ਦਾ ਯੁੱਧ ਪੀੜ੍ਹੀਓਂ ਪੀੜ੍ਹੀ ਤੱਕ ਹੁੰਦਾ ਰਹੇਗਾ।