6
ਮਹਾਂ-ਆਗਿਆ
1 ਇਹ ਉਹ ਹੁਕਮਨਾਮੇ, ਬਿਧੀਆਂ ਅਤੇ ਕਨੂੰਨ ਹਨ, ਜਿਨ੍ਹਾਂ ਨੂੰ ਤੁਹਾਨੂੰ ਸਿਖਾਉਣ ਦਾ ਹੁਕਮ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਪਾਰ ਜਾਂਦੇ ਹੋ,
2 ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤੁਸੀਂ, ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ ਜੀਵਨ ਭਰ ਮੰਨਣ, ਤਾਂ ਜੋ ਤੁਹਾਡੇ ਦਿਨ ਲੰਮੇ ਹੋਣ।
3 ਹੇ ਇਸਰਾਏਲ, ਸੁਣੋ ਅਤੇ ਇਸੇ ਤਰ੍ਹਾਂ ਹੀ ਕਰਨ ਦਾ ਜਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਬਚਨ ਦਿੱਤਾ ਹੈ, ਤੁਸੀਂ ਉਸ ਦੇਸ਼ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਬਹੁਤ ਹੀ ਵੱਧ ਜਾਓ।
4 ਹੇ ਇਸਰਾਏਲ, ਸੁਣ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।
5 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰੋ
6 ਅਤੇ ਇਹ ਗੱਲਾਂ, ਜਿਨ੍ਹਾਂ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤੁਹਾਡੇ ਦਿਲ ਵਿੱਚ ਬਣੀਆਂ ਰਹਿਣ।
7 ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਇਓ। ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਹਨਾਂ ਗੱਲਾਂ ਦੀ ਚਰਚਾ ਕਰਦੇ ਰਹਿਣਾ।
8 ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ।
9 ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ।
ਅਣ-ਆਗਿਆਕਾਰੀ ਦੇ ਵਿਰੁੱਧ ਚੇਤਾਵਨੀ
10 ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾਵੇ, ਜਿਸ ਨੂੰ ਤੁਹਾਨੂੰ ਦੇਣ ਦੀ ਉਸਨੇ ਤੁਹਾਡੇ ਪੁਰਖਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਅਤੇ ਜਦ ਉਹ ਤੈਨੂੰ ਵੱਡੇ ਅਤੇ ਚੰਗੇ ਸ਼ਹਿਰ ਜਿਹੜੇ ਤੁਸੀਂ ਨਹੀਂ ਬਣਾਏ
11 ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ, ਜਿਹੜੇ ਤੁਸੀਂ ਨਹੀਂ ਭਰੇ ਅਤੇ ਪੁੱਟੇ ਹੋਏ ਹੌਦ ਜਿਹੜੇ ਤੁਸੀਂ ਨਹੀਂ ਪੁੱਟੇ, ਅੰਗੂਰੀ ਬਾਗ਼ ਅਤੇ ਜ਼ੈਤੂਨ ਦੇ ਰੁੱਖ ਜਿਹੜੇ ਤੁਸੀਂ ਨਹੀਂ ਲਾਏ ਦੇਵੇਗਾ, ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ,
12 ਤਦ ਤੁਸੀਂ ਚੌਕਸ ਰਹਿਓ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਯਹੋਵਾਹ ਨੂੰ ਭੁੱਲ ਜਾਓ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ।
13 ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ, ਉਸੇ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਦੀ ਸਹੁੰ ਖਾਓ।
14 ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ-ਦੁਆਲੇ ਹਨ,
15 ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਅਣਖ ਵਾਲਾ ਪਰਮੇਸ਼ੁਰ ਹੈ, ਅਜਿਹਾ ਨਾ ਹੋਵੇ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਧਰਤੀ ਉੱਤੋਂ ਮਿਟਾ ਦੇਵੇ।
16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈਣਾ, ਜਿਵੇਂ ਤੁਸੀਂ ਮੱਸਾਹ ਵਿੱਚ ਕੀਤਾ ਸੀ।
17 ਤੁਸੀਂ ਜ਼ਰੂਰ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ, ਉਸ ਦੀਆਂ ਸਾਖੀਆਂ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਕਰਿਓ, ਜਿਨ੍ਹਾਂ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ।
18 ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਹੈ, ਤੁਸੀਂ ਉਹ ਹੀ ਕਰਿਓ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਉਸ ਚੰਗੇ ਦੇਸ਼ ਵਿੱਚ ਜਾ ਕੇ ਉਸ ਉੱਤੇ ਅਧਿਕਾਰ ਕਰੋ, ਜਿਸ ਦੀ ਸਹੁੰ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ
19 ਅਤੇ ਉਹ ਤੁਹਾਡੇ ਸਾਰੇ ਵੈਰੀਆਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ, ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ।
20 ਜਦ ਅੱਗੇ ਨੂੰ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ ਕਿ ਉਹਨਾਂ ਸਾਖੀਆਂ, ਬਿਧੀਆਂ ਅਤੇ ਕਨੂੰਨਾਂ ਦਾ ਕੀ ਉਦੇਸ਼ ਹੈ ਜਿਨ੍ਹਾਂ ਦਾ ਸਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ?
21 ਤਦ ਤੁਸੀਂ ਆਪਣੇ ਪੁੱਤਰਾਂ ਨੂੰ ਦੱਸਿਓ, ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸੀ ਅਤੇ ਯਹੋਵਾਹ ਸਾਨੂੰ ਮਿਸਰ ਤੋਂ ਬਲਵੰਤ ਹੱਥ ਨਾਲ ਕੱਢ ਲਿਆਇਆ।
22 ਯਹੋਵਾਹ ਨੇ ਮਿਸਰ ਵਿੱਚ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ਨਾਲ ਸਾਡੇ ਵੇਖਦਿਆਂ, ਵੱਡੇ ਅਤੇ ਦੁੱਖਦਾਇਕ ਨਿਸ਼ਾਨ ਅਤੇ ਅਚੰਭੇ ਵਿਖਾਲੇ
23 ਅਤੇ ਸਾਨੂੰ ਉੱਥੋਂ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਇਸ ਦੇਸ਼ ਦੇ ਅੰਦਰ ਲਿਆਵੇ ਅਤੇ ਇਹ ਧਰਤੀ ਸਾਨੂੰ ਦੇਵੇ, ਜਿਸ ਦੀ ਸਹੁੰ ਉਸ ਨੇ ਸਾਡੇ ਪੁਰਖਿਆਂ ਨਾਲ ਖਾਧੀ ਸੀ।
24 ਯਹੋਵਾਹ ਨੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਜੀਵਨ ਭਰ ਡਰੀਏ, ਤਾਂ ਜੋ ਸਾਡਾ ਭਲਾ ਹੋਵੇ ਅਤੇ ਉਹ ਸਾਨੂੰ ਜੀਉਂਦਾ ਰੱਖੇ, ਜਿਵੇਂ ਅੱਜ ਦੇ ਦਿਨ ਤੱਕ ਰੱਖਿਆ ਹੈ।
25 ਜੇਕਰ ਅਸੀਂ ਇਹਨਾਂ ਸਾਰਿਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ, ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਚੰਗੀ ਤਰ੍ਹਾਂ ਮੰਨੀਏ ਤਾਂ ਇਹ ਸਾਡੇ ਲਈ ਧਰਮ ਠਹਿਰੇਗਾ।