5
ਸਾਡਾ ਸਵਰਗੀ ਘਰ
1 ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ।
2 ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਂਕੇ ਭਰਦੇ ਅਤੇ ਤਰਸਦੇ ਹਾਂ ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋਂ ਹੈ ਪਹਿਨ ਲਈਏ।
3 ਤਾਂ ਜੋ ਅਸੀਂ ਇਸ ਨੂੰ ਪਹਿਨ ਕੇ ਨੰਗੇ ਨਾ ਪਾਏ ਜਾਈਏ।
4 ਕਿਉਂਕਿ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ ਭਾਰ ਦੇ ਹੇਠ ਦੱਬੇ ਹੋਏ ਹਾਉਂਕੇ ਭਰਦੇ ਹਾਂ! ਅਸੀਂ ਇਹ ਤਾਂ ਨਹੀਂ ਚਾਹੁੰਦੇ ਜੋ ਇਸ ਨੂੰ ਉਤਾਰ ਦੇਈਏ ਸਗੋਂ ਇਹ ਜੋ ਉਸ ਨੂੰ ਬਦਲ ਲਈਏ ਤਾਂ ਕਿ ਜਿਹੜਾ ਮਰਨਹਾਰ ਹੈ ਉਹ ਜੀਵਨ ਰਾਹੀਂ ਨਿਗਲ ਲਿਆ ਜਾਵੇ।
5 ਅਤੇ ਜਿਸ ਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਆਤਮਾ ਦੀ ਸਾਈ ਦਿੱਤੀ ਹੈ।
6 ਸੋ ਅਸੀਂ ਸਦਾ ਹੌਂਸਲਾ ਰੱਖਦੇ ਅਤੇ ਜਾਣਦੇ ਹਾਂ ਕਿ ਜਿੰਨੀ ਦੇਰ ਅਸੀਂ ਸਰੀਰ ਦੇ ਘਰ ਵਿੱਚ ਹਾਂ ਉਨ੍ਹੀਂ ਦੇਰ ਪ੍ਰਭੂ ਤੋਂ ਵਿਛੜੇ ਹੋਏ ਹਾਂ।
7 ਕਿਉਂ ਜੋ ਅਸੀਂ ਵੇਖਣ ਨਾਲ ਨਹੀਂ ਪ੍ਰੰਤੂ ਵਿਸ਼ਵਾਸ ਨਾਲ ਚੱਲਦੇ ਹਾਂ।
8 ਅਸੀਂ ਹੌਂਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ।
9 ਇਸੇ ਲਈ ਸਾਡਾ ਉਦੇਸ਼ ਇਹ ਹੈ ਕਿ ਭਾਵੇਂ ਅਸੀਂ ਦੇਸ ਭਾਵੇਂ ਪਰਦੇਸ ਵਿੱਚ ਹੋਈਏ ਪਰ ਉਸ ਨੂੰ ਭਾਉਂਦੇ ਰਹੀਏ।
10 ਕਿਉਂ ਜੋ ਅਸੀਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫਲ ਭੋਗੇ।
ਪਰਮੇਸ਼ੁਰ ਨਾਲ ਮੇਲ-ਮਿਲਾਪ
11 ਉਪਰੰਤ ਅਸੀਂ ਪ੍ਰਭੂ ਦਾ ਡਰ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ, ਪਰ ਅਸੀਂ ਪਰਮੇਸ਼ੁਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪਰਗਟ ਹੋਏ ਹਾਂ।
12 ਅਸੀਂ ਫੇਰ ਆਪਣੀ ਸ਼ੋਭਾ ਤੁਹਾਡੇ ਅੱਗੇ ਨਹੀਂ ਕਰਦੇ ਸਗੋਂ ਤੁਹਾਨੂੰ ਸਾਡੇ ਵਿਖੇ ਮਾਣ ਕਰਨ ਦਾ ਸਮਾਂ ਦਿੰਦੇ ਤਾਂ ਜੋ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸਕੋ ਜਿਹੜੇ ਵਿਖਾਵੇ ਤੇ ਮਾਣ ਕਰਦੇ ਹਨ ਅਤੇ ਹਿਰਦੇ ਤੇ ਨਹੀਂ।
13 ਜੇ ਅਸੀਂ ਬੇਸੁਰਤ ਹਾਂ ਤਾਂ ਪਰਮੇਸ਼ੁਰ ਦੇ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ।
14 ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ।
15 ਅਤੇ ਉਹ ਸਭਨਾਂ ਦੇ ਲਈ ਮਰਿਆ ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ, ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਫੇਰ ਜੀ ਉੱਠਿਆ।
ਮਸੀਹ ਵਿੱਚ ਨਵੀਂ ਸਰਿਸ਼ਟੀ
16 ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਪਛਾਣਦੇ ਹਾਂ ਭਾਵੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਹ ਨੂੰ ਫੇਰ ਨਹੀਂ ਜਾਣਦੇ।
17 ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ।
18 ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮੇਲ-ਮਿਲਾਪ ਦੇ ਸੇਵਕਾਈ ਸਾਨੂੰ ਦਿੱਤੀ।
19 ਅਰਥਾਤ ਪਰਮੇਸ਼ੁਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਪਾਪਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ।
20 ਅਸੀਂ ਮਸੀਹ ਦੇ ਰਾਜਦੂਤ ਹਾਂ, ਤੁਸੀਂ ਸਮਝੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ-ਮਿਲਾਪ ਕਰ ਲਓ।
21 ਪਰਮੇਸ਼ੁਰ ਨੇ ਯਿਸੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦੀ ਧਾਰਮਿਕਤਾ ਬਣੀਏ।