10
ਪੌਲੁਸ ਦਾ ਅਧਿਕਾਰ
1 ਹੁਣ ਮੈਂ ਪੌਲੁਸ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ, ਤੁਹਾਡੇ ਵਿੱਚ ਸ਼ਾਮਲ ਹੋ ਕੇ ਦੀਨ ਹਾਂ ਪਰ ਤੁਹਾਡੇ ਤੋਂ ਵੱਖਰਾ ਹੋ ਕੇ ਤੁਹਾਡੇ ਬਾਰੇ ਦਲੇਰ ਹਾਂ, ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।
2 ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਜੋ ਮੈਨੂੰ ਸ਼ਾਮਲ ਹੋ ਕੇ ਉਸ ਭਰੋਸੇ ਨਾਲ ਦਲੇਰ ਨਾ ਹੋਣਾ ਪਵੇ ਜਿਸ ਦੇ ਨਾਲ ਮੈਂ ਕਈਆਂ ਲਈ ਦਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲਿਆਂ ਵਰਗੇ ਸਮਝਦੇ ਹਨ।
3 ਭਾਵੇਂ ਅਸੀਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ।
4 ਇਸ ਲਈ ਜੋ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਦੁਆਰਾ ਕਿਲ੍ਹਿਆਂ ਨੂੰ ਢਾਹ ਦੇਣ ਲਈ ਬਹੁਤ ਤਾਕਤਵਰ ਹਨ।
5 ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਜੋ ਉਹ ਮਸੀਹ ਦਾ ਆਗਿਆਕਾਰ ਹੋਵੇ।
6 ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣ-ਆਗਿਆਕਾਰੀ ਦਾ ਬਦਲਾ ਲੈਣ ਨੂੰ ਤਿਆਰ ਹਾਂ।
7 ਤੁਸੀਂ ਉਨ੍ਹਾਂ ਗੱਲਾਂ ਵੱਲ ਜੋ ਤੁਹਾਡੇ ਸਾਹਮਣੇ ਹਨ ਵੇਖਦੇ ਹੋ। ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ ਤਾਂ ਉਹ ਫੇਰ ਇਹ ਆਪਣੇ ਆਪ ਵਿੱਚ ਸੋਚੇ ਕਿ ਜਿਸ ਪ੍ਰਕਾਰ ਉਹ ਮਸੀਹ ਦਾ ਹੈ ਉਸੇ ਪ੍ਰਕਾਰ ਅਸੀਂ ਵੀ ਮਸੀਹ ਦੇ ਹਾਂ।
8 ਮੈਂ ਭਾਵੇਂ ਆਪਣੇ ਉਸ ਅਧਿਕਾਰ ਦੇ ਬਾਰੇ ਜਿਹੜਾ ਪ੍ਰਭੂ ਨੇ ਸਾਨੂੰ ਤੁਹਾਨੂੰ ਗਿਰਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਣ ਲਈ ਦਿੱਤਾ ਜੇ ਮੈਂ ਇਸ ਬਾਰੇ ਕੁਝ ਵੱਧ ਕੇ ਮਾਣ ਕਰਾਂ ਤਾਂ ਵੀ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
9 ਮੈਂ ਇਸ ਤਰ੍ਹਾਂ ਮਲੂਮ ਨਾ ਹੋਵਾਂ ਜਿਵੇਂ ਤੁਹਾਨੂੰ ਪੱਤ੍ਰੀਆਂ ਨਾਲ ਡਰਾਉਣ ਵਾਲਾ ਹਾਂ।
10 ਕਿਉਂ ਜੋ ਉਹ ਕਹਿੰਦੇ ਹਨ ਕਿ ਉਸ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਸਰੀਰ ਨਾਲ ਮੌਜੂਦ ਹੋ ਕੇ ਕਮਜ਼ੋਰ ਹੈ ਅਤੇ ਉਸ ਦਾ ਬਚਨ ਤੁੱਛ ਹੈ।
11 ਇਸ ਤਰ੍ਹਾਂ ਕਹਿਣ ਵਾਲਾ ਇਹ ਸਮਝ ਰੱਖੇ ਕਿ ਜਿਹੋ ਜਿਹੇ ਵੱਖਰੇ ਹੋ ਕੇ ਅਸੀਂ ਪੱਤ੍ਰੀਆਂ ਦੁਆਰਾ ਬਚਨ ਵਿੱਚ ਹਾਂ ਉਹੋ ਜਿਹੇ ਸ਼ਾਮਲ ਹੋ ਕੇ ਕੰਮ ਵਿੱਚ ਵੀ ਹਾਂ।
12 ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ, ਜਾਂ ਉਨ੍ਹਾਂ ਨਾਲ ਆਪਣੇ ਆਪ ਨੂੰ ਮਿਲਾਈਏ ਜੋ ਖੁਦ ਆਪਣੀ ਵਡਿਆਈ ਕਰਦੇ ਹਨ ਅਤੇ ਆਪਣੇ ਆਪ ਦੀ ਦੂਸਰਿਆਂ ਨਾਲ ਤੁਲਣਾ ਕਰਕੇ ਮੂਰਖ ਠਹਿਰਦੇ ਹਨ।
13 ਪਰ ਅਸੀਂ ਨਾਪ ਤੋਂ ਬਾਹਰ ਨਹੀਂ ਸਗੋਂ ਉਸ ਨਾਪ ਦੇ ਅੰਦਾਜ਼ੇ ਅਨੁਸਾਰ ਮਾਣ ਕਰਾਂਗੇ ਜੋ ਪਰਮੇਸ਼ੁਰ ਨੇ ਸਾਨੂੰ ਵੰਡ ਦਿੱਤਾ। ਉਹ ਨਾਪ ਤੁਹਾਡੇ ਤੱਕ ਵੀ ਪਹੁੰਚਦਾ ਹੈ।
14 ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ ਹਾਂ ਕਿ ਜਿਵੇਂ ਸਾਡੀ ਪਹੁੰਚ ਤੁਹਾਡੇ ਤੱਕ ਨਾ ਹੁੰਦੀ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਤੁਹਾਡੇ ਤੱਕ ਅਗੇਤਰੇ ਪਹੁੰਚ ਗਏ।
15 ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਨਹੀਂ ਕਰਦੇ ਹਾਂ ਪਰ ਸਾਨੂੰ ਆਸ ਹੈ ਕਿ ਜਿਵੇਂ-ਜਿਵੇਂ ਤੁਹਾਡੀ ਵਿਸ਼ਵਾਸ ਵੱਧਦੀ ਜਾਵੇ, ਤਿਵੇਂ-ਤਿਵੇਂ ਅਸੀਂ ਆਪਣੇ ਖੇਤਰਾਂ ਦੇ ਵਿੱਚ ਵਧਾਏ ਜਾਂਵਾਂਗੇ।
16 ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਦੇਸਾਂ ਵਿੱਚ ਖੁਸ਼ਖਬਰੀ ਸੁਣਾਈਏ ਅਤੇ ਹੋਰਨਾਂ ਦੇ ਖੇਤਰਾਂ ਵਿੱਚ ਉਨ੍ਹਾਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਮਾਣ ਨਾ ਕਰੀਏ।
17 ਪਰ ਜੋ ਕੋਈ ਮਾਣ ਕਰਦਾ ਹੈ ਸੋ ਪ੍ਰਭੂ ਵਿੱਚ ਮਾਣ ਕਰੇ।
18 ਕਿਉਂਕਿ ਜੋ ਆਪਣੀ ਵਡਿਆਈ ਕਰਦਾ ਹੈ ਉਹ ਪਰਵਾਨ ਨਹੀਂ ਹੁੰਦਾ ਹੈ ਬਲਕਿ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ।