10
ਕੁਰਨੇਲਿਯੁਸ ਪਤਰਸ ਨੂੰ ਬੁਲਾਉਂਦਾ ਹੈ
1 ਕੈਸਰਿਯਾ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਇਤਾਲਿਯਾਨੀ ਨਾਮ ਦੇ ਦਲ ਦਾ ਸੂਬੇਦਾਰ ਸੀ।
2 ਉਹ ਧਰਮੀ ਸੀ ਅਤੇ ਆਪਣੇ ਸਾਰੇ ਪਰਿਵਾਰ ਦੇ ਸਮੇਤ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਸੀ, ਅਤੇ ਹਰ ਰੋਜ਼ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ।
3 ਉਹ ਨੇ ਦਿਨ ਦੇ ਤੀਜੇ ਪਹਿਰ ਦਰਸ਼ਣ ਵਿੱਚ ਸਾਫ਼ ਵੇਖਿਆ ਕਿ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ!
4 ਉਹ ਨੇ ਉਸ ਦੀ ਵੱਲ ਧਿਆਨ ਕਰ ਕੇ ਵੇਖਿਆ ਅਤੇ ਡਰ ਕੇ ਕਿਹਾ, ਪ੍ਰਭੂ ਜੀ, ਕੀ ਹੈ? ਉਸ ਨੇ ਉਹ ਨੂੰ ਆਖਿਆ, ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗੀਰੀ ਦੇ ਲਈ ਪਰਮੇਸ਼ੁਰ ਦੇ ਹਜ਼ੂਰ ਪਹੁੰਚੇ ਹਨ
5 ਅਤੇ ਹੁਣ ਯਾਪਾ ਨੂੰ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਵੀ ਅਖਵਾਉਂਦਾ ਹੈ ਆਪਣੇ ਕੋਲ ਬੁਲਵਾ ਲੈ।
6 ਉਹ ਸ਼ਮਊਨ, ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਹੈ ਉਸ ਦੇ ਘਰ ਵਿੱਚ ਮਹਿਮਾਨ ਹੈ।
7 ਅਤੇ ਜਦੋਂ ਉਹ ਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ, ਚੱਲਿਆ ਗਿਆ ਤਾਂ ਉਹ ਨੇ ਆਪਣੇ ਸੇਵਕਾਂ ਵਿੱਚੋਂ ਦੋ ਆਦਮੀ ਅਤੇ ਉਨ੍ਹਾਂ ਵਿੱਚੋਂ ਜਿਹੜੇ ਨਿੱਤ ਉਹ ਦੇ ਨਾਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ
8 ਅਤੇ ਸਭ ਗੱਲਾਂ ਉਨ੍ਹਾਂ ਨੂੰ ਦੱਸ ਕੇ ਯਾਪਾ ਨੂੰ ਭੇਜਿਆ।
ਪਤਰਸ ਦਾ ਦਰਸ਼ਣ
9 ਦੂਜੇ ਦਿਨ ਜਦੋਂ ਉਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਪਹੁੰਚੇ ਤਾਂ ਪਤਰਸ ਦੁਪਹਿਰ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਲਈ ਗਿਆ
10 ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਹੇ ਸਨ ਉਹ ਬੇਸੁਧ ਹੋ ਗਿਆ।
11 ਅਤੇ ਉਸ ਨੇ ਵੇਖਿਆ, ਕਿ ਅਕਾਸ਼ ਖੁੱਲ੍ਹਾ ਹੈ ਅਤੇ ਇੱਕ ਵੱਡੀ ਚਾਦਰ ਦੇ ਸਮਾਨ ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਹੈ।
12 ਉਸ ਵਿੱਚ ਸਭ ਤਰ੍ਹਾਂ ਦੇ ਚੌਪਾਏ ਅਤੇ ਧਰਤੀ ਤੇ ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ।
13 ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ, ਮਾਰ ਅਤੇ ਖਾ!
14 ਪਰ ਪਤਰਸ ਨੇ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਮੈਂ ਕੋਈ ਅਸ਼ੁੱਧ ਜਾਂ ਮਾੜੀ ਚੀਜ਼ ਕਦੇ ਨਹੀਂ ਖਾਧੀ।
15 ਫਿਰ ਦੂਜੀ ਵਾਰ ਉਹ ਨੂੰ ਅਵਾਜ਼ ਆਈ ਕਿ, ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।
16 ਇਹ ਤਿੰਨ ਵਾਰੀ ਹੋਇਆ ਅਤੇ ਉਸੇ ਸਮੇਂ ਉਹ ਚੀਜ਼ ਅਕਾਸ਼ ਉੱਤੇ ਚੁੱਕੀ ਗਈ।
17 ਜਦੋਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਕਿ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਉਹ ਕੀ ਹੈ? ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਹੋਏ ਬੂਹੇ ਉੱਤੇ ਆ ਗਏ।
18 ਅਤੇ ਅਵਾਜ਼ ਦੇ ਕੇ ਪੁੱਛਿਆ ਕਿ ਸ਼ਮਊਨ ਜਿਸ ਨੂੰ ਪਤਰਸ ਵੀ ਕਹਿੰਦੇ ਹਨ ਕੀ ਉਹ ਇੱਥੇ ਹੀ ਹੈ?
19 ਜਦੋਂ ਪਤਰਸ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਤਾਂ ਆਤਮਾ ਨੇ ਉਹ ਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਲੱਭਦੇ ਹਨ।
20 ਪਰ ਤੂੰ ਉੱਠ, ਹੇਠਾਂ ਜਾ ਅਤੇ ਉਨ੍ਹਾਂ ਦੇ ਨਾਲ ਤੁਰ, ਕਿਉਂ ਜੋ ਉਨ੍ਹਾਂ ਨੂੰ ਮੈਂ ਭੇਜਿਆ ਹੈ।
21 ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਆ ਕੇ ਕਿਹਾ ਕਿ ਵੇਖੋ, ਜਿਸ ਨੂੰ ਤੁਸੀਂ ਲੱਭਦੇ ਹੋ, ਉਹ ਮੈਂ ਹੀ ਹਾਂ। ਤੁਸੀਂ ਕਿਸ ਦੇ ਲਈ ਆਏ ਹੋ?
22 ਉਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਮਨੁੱਖ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਕਿ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਬਚਨ ਸੁਣੇ।
23 ਤਦ ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਸੇਵਾ ਟਹਿਲ ਕੀਤੀ।
ਕੁਰਨੇਲਿਯੁਸ ਦੇ ਘਰ ਪਤਰਸ
ਦੂਜੇ ਦਿਨ ਉਹ ਉੱਠ ਕੇ ਉਨ੍ਹਾਂ ਦੇ ਨਾਲ ਗਿਆ ਅਤੇ ਕਈ ਭਰਾ ਯਾਪਾ ਦੇ ਰਹਿਣ ਵਾਲੇ ਉਹ ਦੇ ਨਾਲ ਹੋ ਤੁਰੇ।
24 ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਘਰ ਵਾਲਿਆਂ ਅਤੇ ਪਿਆਰੇ ਮਿੱਤਰਾਂ ਨੂੰ ਇਕੱਠੇ ਕਰ ਕੇ ਉਹਨਾਂ ਦਾ ਰਾਹ ਵੇਖ ਰਿਹਾ ਸੀ।
25 ਜਦੋਂ ਪਤਰਸ ਅੰਦਰ ਜਾਣ ਲੱਗਾ ਤਾਂ ਇਸ ਤਰ੍ਹਾਂ ਹੋਇਆ ਕਿ ਕੁਰਨੇਲਿਯੁਸ ਉਹ ਨੂੰ ਆ ਮਿਲਿਆ ਅਤੇ ਉਹ ਦੇ ਪੈਰੀਂ ਪੈ ਕੇ ਮੱਥਾ ਟੇਕਿਆ।
26 ਪਰ ਪਤਰਸ ਨੇ ਉਸ ਨੂੰ ਉੱਠਾ ਕੇ ਆਖਿਆ, ਉੱਠ ਖੜ੍ਹਾ ਹੋ, ਮੈਂ ਵੀ ਤਾਂ ਇੱਕ ਮਨੁੱਖ ਹੀ ਹਾਂ।
27 ਅਤੇ ਉਸ ਨਾਲ ਗੱਲਾਂ ਕਰਦਾ ਅੰਦਰ ਗਿਆ ਅਤੇ ਵੇਖਿਆ, ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ।
28 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ-ਮਿਲਾਪ ਰੱਖਣਾ ਜਾਂ ਉਹ ਦੇ ਘਰ ਜਾਣਾ ਮਨਾ ਹੈ, ਪਰੰਤੂ ਪਰਮੇਸ਼ੁਰ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ਅਸ਼ੁੱਧ ਜਾਂ ਮਾੜਾ ਨਾ ਆਖਾਂ।
29 ਇਸ ਲਈ ਮੈਂ ਜਦੋਂ ਬੁਲਾਇਆ ਗਿਆ ਤਾਂ ਇਸ ਦੇ ਵਿਰੁੱਧ ਕੁਝ ਨਾ ਆਖਿਆ ਅਤੇ ਚੱਲਿਆ ਆਇਆ। ਮੈਂ ਇਹ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕਿਸ ਦੇ ਲਈ ਬੁਲਾਇਆ ਹੈ?
30 ਕੁਰਨੇਲਿਯੁਸ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਮੈਂ ਇਸੇ ਵੇਲੇ ਆਪਣੇ ਘਰ ਵਿੱਚ ਤੀਜੇ ਪਹਿਰ ਦੀ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਇੱਕ ਪੁਰਖ ਚਮਕੀਲੇ ਬਸਤਰ ਪਹਿਨੇ ਮੇਰੇ ਸਾਹਮਣੇ ਖੜ੍ਹਾ ਸੀ।
31 ਅਤੇ ਕਹਿੰਦਾ ਸੀ, ਹੇ ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ੁਰ ਦੀ ਹਜ਼ੂਰ ਵਿੱਚ ਯਾਦ ਕੀਤੇ ਗਏ।
32 ਇਸ ਲਈ ਯਾਪਾ ਵੱਲ ਮਨੁੱਖ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ ਬੁਲਾ ਲੈ। ਉਹ ਸਮੁੰਦਰ ਦੇ ਕੰਢੇ ਸ਼ਮਊਨ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਉਸ ਦੇ ਘਰ ਮਹਿਮਾਨ ਹੈ।
33 ਉਪਰੰਤ ਮੈਂ ਉਸੇ ਵੇਲੇ ਮਨੁੱਖ ਤੇਰੇ ਕੋਲ ਭੇਜੇ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ। ਹੁਣ ਅਸੀਂ ਸਭ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ ਕਿ ਜੋ ਕੁਝ ਪ੍ਰਭੂ ਨੇ ਤੈਨੂੰ ਹੁਕਮ ਦਿੱਤਾ ਹੈ ਉਸ ਨੂੰ ਸੁਣੀਏ।
ਪਤਰਸ ਦਾ ਉਦੇਸ਼
34 ਤਦ ਪਤਰਸ ਨੇ ਆਖਿਆ, ਮੈਂ ਸੱਚ-ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ।
35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਉਹ ਨੂੰ ਚੰਗਾ ਲੱਗਦਾ ਹੈ।
36 ਜਿਹੜਾ ਬਚਨ ਉਸ ਨੇ ਇਸਰਾਏਲ ਦੀ ਪਰਜਾ ਦੇ ਕੋਲ ਭੇਜਿਆ, ਜਦੋਂ ਯਿਸੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ।
37 ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੂਹੰਨਾ ਦੇ ਬਪਤਿਸਮੇ ਦੇ ਪਰਚਾਰ ਤੋਂ ਬਾਅਦ, ਗਲੀਲ ਤੋਂ ਸਾਰੇ ਯਹੂਦਿਯਾ ਵਿੱਚ ਫੈਲ ਗਿਆ।
38 ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ।
39 ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹ ਨੇ ਯਹੂਦੀਆਂ ਦੇ ਦੇਸ ਅਤੇ ਯਰੂਸ਼ਲਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਟਕਾ ਕੇ ਮਾਰ ਸੁੱਟਿਆ।
40 ਉਹ ਨੂੰ ਪਰਮੇਸ਼ੁਰ ਨੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕਰ ਕੇ ਉਹਨਾਂ ਤੇ ਪਰਗਟ ਕੀਤਾ।
41 ਸਭਨਾਂ ਲੋਕਾਂ ਉੱਤੇ ਨਹੀਂ, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ, ਉਸ ਦੇ ਨਾਲ ਖਾਧਾ ਪੀਤਾ।
42 ਅਤੇ ਉਹ ਨੇ ਸਾਨੂੰ ਆਗਿਆ ਦਿੱਤੀ ਕਿ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਗਵਾਹੀ ਦਿਓ ਜੋ ਇਹ ਉਹੋ ਹੈ, ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜਿਉਂਦਿਆਂ ਅਤੇ ਮਰਿਆਂ ਦਾ ਨਿਆਂ ਕਰੇ।
43 ਉਹ ਦੇ ਬਾਰੇ ਸਭ ਨਬੀ ਗਵਾਹੀ ਦਿੰਦੇ ਹਨ ਕਿ ਜੋ ਕੋਈ ਉਹ ਦੇ ਉੱਤੇ ਵਿਸ਼ਵਾਸ ਕਰੇ ਸੋ ਉਹ ਦੇ ਨਾਮ ਕਰਕੇ ਪਾਪਾਂ ਦੀ ਮਾਫ਼ੀ ਪਾਵੇਗਾ।
ਪਰਾਈਆਂ ਕੌਮਾਂ ਉੱਤੇ ਪਵਿੱਤਰ ਆਤਮਾ ਉਤਰਨਾ
44 ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਬਚਨ ਦੇ ਸਭ ਸੁਣਨ ਵਾਲਿਆਂ ਤੇ ਉਤਰਿਆ।
45 ਅਤੇ ਸੁੰਨਤ ਕੀਤੇ ਹੋਏ ਵਿਸ਼ਵਾਸੀ, ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਹੈਰਾਨ ਹੋ ਗਏ ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤਰ ਆਤਮਾ ਨੂੰ ਵਹਾਇਆ ਗਿਆ ਹੈ।
46 ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਭਾਸ਼ਾ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ। ਤਦ ਪਤਰਸ ਨੇ ਅੱਗੋਂ ਆਖਿਆ,
47 ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਸਾਡੇ ਵਾਂਗੂੰ ਪਵਿੱਤਰ ਆਤਮਾ ਪਾਇਆ ਹੈ ਬਪਤਿਸਮਾ ਨਾ ਦਿੱਤਾ ਜਾਵੇ।
48 ਅਤੇ ਉਸ ਨੇ ਹੁਕਮ ਦਿੱਤਾ ਕਿ ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ। ਫਿਰ ਉਹਨਾਂ ਉਸ ਦੀ ਮਿੰਨਤ ਕੀਤੀ ਕਿ ਉਹ ਕੁਝ ਦਿਨ ਉੱਥੇ ਹੋਰ ਰਹੇ।